ਨਵੀਂ ਦਿੱਲੀ/ਇੰਦੌਰ, 9 ਜਨਵਰੀ
ਦਿੱਲੀ ਪੁਲੀਸ ਨੇ ‘ਸੁੱਲੀ ਡੀਲਜ਼’ ਐਪ ਮਾਮਲੇ ਵਿਚ ਇੰਦੌਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐਪ ਉਸ ਨੇ ਹੀ ਬਣਾਈ ਸੀ। ‘ਸੁੱਲੀ ਡੀਲ’ ਐਪ ਮਾਮਲੇ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਇਸ ਮਾਮਲੇ ਵਿਚ ਕੇਸ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੇ ਜੁਲਾਈ ਵਿਚ ਦਰਜ ਕੀਤਾ ਸੀ। ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ ਅਣਪਛਾਤਾ ਗਰੁੱਪ ਐਪ ਉਤੇ ਮੁਸਲਿਮ ਔਰਤਾਂ ਦੀਆਂ ਫੋਟੋਆਂ ਅਪਲੋਡ ਕਰ ਰਿਹਾ ਹੈ। ਇਸ ਮੋਬਾਈਲ ਐਪ ਉਤੇ ਸੈਂਕੜੇ ਮੁਸਲਮਾਨ ਔਰਤਾਂ ਦੀਆਂ ਫੋਟੋਆਂ ਬਿਨਾਂ ਇਜਾਜ਼ਤ ਛੇੜਛਾੜ ਕਰ ਕੇ ‘ਨਿਲਾਮੀ’ ਲਈ ਅਪਲੋਡ ਕੀਤੀਆਂ ਗਈਆਂ ਸਨ। ਮੁਲਜ਼ਮ ਓਮਕਾਰੇਸ਼ਵਰ ਠਾਕੁਰ (26) ਨੇ ਇੰਦੌਰ ਦੀ ਆਈਪੀਐੱਸ ਅਕਾਦਮੀ ਤੋਂ ਬੀਸੀਏ ਕੀਤੀ ਸੀ ਤੇ ਉਹ ਸ਼ਹਿਰ ਵਿਚ ਹੀ ਰਹਿ ਰਿਹਾ ਸੀ। ਡੀਸੀਪੀ (ਆਈਐਫਐੱਸਓ) ਕੇਪੀਐੱਸ ਮਲਹੋਤਰਾ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਤੇ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਟਵਿੱਟਰ ਉਤੇ ਇਕ ਗਰੁੱਪ ਦਾ ਮੈਂਬਰ ਸੀ ਤੇ ਉਸ ਵਿਚ ਹੀ ਮੁਸਲਿਮ ਔਰਤਾਂ ਨੂੰ ਬਦਨਾਮ ਕਰਨ ਤੇ ਉਨ੍ਹਾਂ ਦਾ ਮਜ਼ਾਕ ਉਡਾਉਣ ਦਾ ਵਿਚਾਰ ਸਾਂਝਾ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ, ‘ਮੁਲਜ਼ਮ ਨੇ ਕੋਡ ਗਿਟਹੱਬ ਪਲੈਟਫਾਰਮ ਉਤੇ ਡਿਵੈਲਪ ਕੀਤਾ ਸੀ। ਗਿਟਹੱਬ ਤੱਕ ਸਾਰੇ ਮੈਂਬਰਾਂ ਦੀ ਪਹੁੰਚ ਸੀ। ਉਸ ਨੇ ਐਪ ਆਪਣੇ ਟਵਿੱਟਰ ਅਕਾਊਂਟ ਉਤੇ ਵੀ ਸਾਂਝੀ ਕੀਤੀ ਸੀ। ਮੁਸਲਿਮ ਔਰਤਾਂ ਦੀਆਂ ਫੋਟੋਆਂ ਗਰੁੱਪ ਦੇ ਮੈਂਬਰਾਂ ਵੱਲੋਂ ਹੀ ਸਾਂਝੀਆਂ ਕੀਤੀਆਂ ਗਈਆਂ ਸਨ।’ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਟਵਿੱਟਰ ਉਤੇ ਇਸ ਗਰੁੱਪ ਵਿਚ ਜਨਵਰੀ 2020 ਵਿਚ ਸ਼ਾਮਲ ਹੋਇਆ ਸੀ। ਪੁਲੀਸ ਮੁਤਾਬਕ ਐਪ ’ਤੇ ਵਿਵਾਦ ਖੜ੍ਹਾ ਹੋਣ ਮਗਰੋਂ ਉਸ ਨੇ ਸੋਸ਼ਲ ਮੀਡੀਆ ਉਤੇ ਆਪਣੇ ਸਾਰੇ ਨਿਸ਼ਾਨ ਮਿਟਾਉਣ ਦਾ ਯਤਨ ਕੀਤਾ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਤਕਨੀਕੀ ਉਪਕਰਨਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਐਪ ਨਾਲ ਜੁੜੇ ਕੋਡਾਂ ਤੇ ਤਸਵੀਰਾਂ ਬਾਰੇ ਪਤਾ ਲਾਇਆ ਜਾਵੇਗਾ। ਇੰਦੌਰ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਠਾਕੁਰ ਦੀ ਗ੍ਰਿਫ਼ਤਾਰੀ ਬਾਰੇ ਮੀਡੀਆ ਤੋਂ ਹੀ ਪਤਾ ਲੱਗਾ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਬਾਰੇ ਇੰਦੌਰ ਪੁਲੀਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦ ਦਿੱਲੀ ਪੁਲੀਸ ਕੋਈ ਜਾਣਕਾਰੀ ਸਾਂਝੀ ਕਰੇਗੀ ਤਾਂ ਉਹ ਆਪਣੇ ਪੱਧਰ ਉਤੇ ਵੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀ ਇਕ ਹੋਰ ਐਪ ‘ਬੁੱਲੀ ਬਾਈ’ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਪਹਿਲੀ ਜਨਵਰੀ ਨੂੰ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਅਸਾਮ ਤੋਂ 21 ਸਾਲਾ ਨੌਜਵਾਨ ਨੀਰਜ ਬਿਸ਼ਨੋਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਕਥਿਤ ਤੌਰ ’ਤੇ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾ ਰਿਹਾ ਹੈ। -ਪੀਟੀਆਈ
‘ਮੇਰੇ ਪੁੱਤਰ ਨੂੰ ਫਸਾਇਆ ਜਾ ਰਿਹੈ’
ਇੰਦੌਰ: ‘ਸੁੱਲੀ ਡੀਲਜ਼’ ਐਪ ਕੇਸ ਵਿਚ ਗ੍ਰਿਫ਼ਤਾਰ 26 ਸਾਲਾ ਨੌਜਵਾਨ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੁੱਤਰ ਨੂੰ ਫਸਾਇਆ ਜਾ ਰਿਹਾ ਹੈ। ਨੌਜਵਾਨ ਦੇ ਪਿਤਾ ਅਖਿਲੇਸ਼ ਠਾਕੁਰ ਨੇ ਕਿਹਾ ਕਿ ਉਸ ਨੂੰ ਐਪ ਬਾਰੇ ਕੁਝ ਨਹੀਂ ਪਤਾ ਤੇ 2018 ਵਿਚ ਬੀਸੀਏ ਕਰਨ ਤੋਂ ਬਾਅਦ ਉਸ ਦਾ ਪੁੱਤਰ ਘਰ ਤੋਂ ਹੀ ਵੈੱਬ ਡਿਜ਼ਾਈਨਿੰਗ ਦਾ ਕੰਮ ਕਰ ਰਿਹਾ ਸੀ। ਗ੍ਰਿਫ਼ਤਾਰ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਦਿੱਲੀ ਪੁਲੀਸ ਦੇ ਦੋ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਸ਼ਨਿਚਰਵਾਰ ਦੁਪਹਿਰੇ ਉਨ੍ਹਾਂ ਦੇ ਘਰ ਆਏ ਤੇ ਨੌਜਵਾਨ ਨੂੰ ਨਾਲ ਦਿੱਲੀ ਲੈ ਗਏ। ਪੁਲੀਸ ਨੇ ਨੌਜਵਾਨ ਦਾ ਮੋਬਾਈਲ ਫੋਨ ਤੇ ਲੈਪਟਾਪ ਵੀ ਜ਼ਬਤ ਕਰ ਲਿਆ। -ਪੀਟੀਆਈ