ਨਵੀਂ ਦਿੱਲੀ, 25 ਜਨਵਰੀ
ਕੋਵਿਡ-19 ਵੈਕਸੀਨ ਦੇ ਘੱਟ ਅਸਰਦਾਰ ਹੋਣ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਟਾਕਰੇ ਲਈ ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਅਜਿਹੇ ਕੂੜ ਪ੍ਰਚਾਰ ਨੂੰ ਫੈਲਣ ਤੋਂ ਰੋਕਣ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਸਲਾਹ ਦਿੱਤੀ ਹੈ ਕਿ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਸੁਨੇਹੇ ’ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੌਮੀ ਰੈਗੂਲੇਟਰੀ ਅਥਾਰਿਟੀ ਨੇ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਸੁਰੱਖਿਅਤ ਕਰਾਰ ਦਿੱਤਾ ਹੈ। ਸੁਨੇਹੇ ’ਚ ਕਿਹਾ ਗਿਆ ਹੈ ਕਿ ਸੌੜੇ ਹਿੱਤਾਂ ਖ਼ਾਤਰ ਕੁਝ ਲੋਕ ਵੈਕਸੀਨਾਂ ਖ਼ਿਲਾਫ਼ ਸ਼ੰਕੇ ਖੜ੍ਹੇ ਕਰ ਰਹੇ ਹਨ ਅਤੇ ਅਜਿਹੇ ਵਿਅਕਤੀਆਂ ’ਤੇ ਨੱਥ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ’ਚ ਕਰੋਨਾ ਯੋਧਿਆਂ ਨੂੰ ਟੀਕੇ ਲਗਾਏ ਜਾ ਰਹੇ ਹਨ। ਸ੍ਰੀ ਭੱਲਾ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਢੁੱਕਵਾਂ ਪ੍ਰਬੰਧ ਕਰਨ।
ਉਨ੍ਹਾਂ ਸਾਰੇ ਮੁੱਖ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਕੋਵਿਡ-19 ਵੈਕਸੀਨ ਬਾਰੇ ਅਸਲ ਸੁਨੇਹਿਆਂ ਦਾ ਪਾਸਾਰ ਕੀਤਾ ਜਾਵੇ। ਉਨ੍ਹਾਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਆਫ਼ਤ ਪ੍ਰਬੰਧਨ ਐਕਟ, 2005 ਅਤੇ ਆਈਪੀਸੀ, 1860 ਤਹਿਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਹਨ। -ਪੀਟੀਆਈ
ਦੇਸ਼ ’ਚ ਕਰੋਨਾ ਕਾਰਨ 131 ਹੋਰ ਮੌਤਾਂ
ਨਵੀਂ ਦਿੱਲੀ: ਦੇਸ਼ ’ਚ ਪਿਛਲੇ ਅੱਠ ਮਹੀਨਿਆਂ ਦੌਰਾਨ ਸਭ ਤੋਂ ਘੱਟ ਮੌਤਾਂ ਦਾ ਅੰਕੜਾ ਦਰਜ ਹੋਇਆ ਹੈ। ਪਿਛਲੇ 24 ਘੰਟਿਆਂ ’ਚ 131 ਹੋਰ ਵਿਅਕਤੀਆਂ ਦੀ ਲਾਗ ਕਾਰਨ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ 17 ਮਈ ਤੋਂ ਬਾਅਦ ਐਤਵਾਰ ਨੂੰ ਸਭ ਤੋਂ ਘੱਟ ਮੌਤਾਂ ਹੋਈਆਂ ਹਨ। ਉਂਜ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 1,53,470 ਹੋ ਗਈ ਹੈ। ਇਸ ਦੌਰਾਨ 13,203 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਗਿਣਤੀ 1,06,67,736 ਹੋ ਗਈ ਹੈ। ਦੇਸ਼ ’ਚ 1,84,182 ਸਰਗਰਮ ਕੇਸ ਹਨ ਅਤੇ ਰਿਕਵਰੀ ਦਰ 96.83 ਫ਼ੀਸਦ ਹੋ ਗਈ ਹੈ। -ਪੀਟੀਆਈ