ਨਵੀਂ ਦਿੱਲੀ: ਨਿੱਜੀ ਹਸਪਤਾਲ ਚੇਨ ਫੋਰਟਿਸ ਹੈੱਲਥਕੇਅਰ ਨੇ ਅੱਜ ਐਲਾਨ ਕੀਤਾ ਕਿ ਕਰੋਨਾ ਤੋਂ ਬਚਾਅ ਲਈ ਰੂਸ ਵੱਲੋਂ ਨਿਰਮਤ ‘ਸਪੂਤਨਿਕ ਵੀ’ ਵੈਕਸੀਨ ਸ਼ਨਿੱਚਰਵਾਰ ਤੋਂ ਉਸ ਦੇ ਗੁੜਗਾਓਂ ਤੇ ਮੁਹਾਲੀ ਸਥਿਤ ਹਸਪਤਾਲਾਂ ਵਿੱਚ ਉਪਲੱਬਧ ਹੋਵੇਗੀ। ਫੋਰਟਿਸ ਹੈੱਲਥਕੇਅਰ ਮੁਤਾਬਕ ਰੂਸੀ ਟੀਕਿਆਂ ਦੀ ਇਹ ਖੇਪ ਸਰਕਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿੱਧੇ ਡਾ.ਰੈੱਡੀਜ਼ ਲੈਬਾਰਟਰੀਜ਼ ਕੋਲੋਂ ਖਰੀਦੀ ਗਈ ਹੈ। ਬਿਆਨ ਮੁਤਾਬਕ, ‘ਦੋ ਖੁਰਾਕਾਂ ਵਾਲੀ ਇਹ ਵੈਕਸੀਨ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ, ਗੁਰੂਗ੍ਰਾਮ ਤੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਉਪਲੱਬਧ ਹੋਵੇਗੀ। ਫੋਰਟਿਸ ਹੈੱਲਥਕੇਅਰ ਦੇ ਐੱਮਡੀ ਤੇ ਸੀਈਓ ਡਾ.ਆਸ਼ੂਤੋਸ਼ ਰਘੂਵੰਸ਼ੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੜਾਅਵਾਰ ਪਾਇਲਟ ਪ੍ਰਾਜੈਕਟ ਤਹਿਤ 11 ਸ਼ਹਿਰਾਂ ਵਿਚਲੇ ਫੋਰਟਿਸ ਹਸਪਤਾਲਾਂ ਵਿੱਚ ਵੈਕਸੀਨ ਉਪਲੱਬਧ ਹੋਵੇਗੀ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ‘ਸਪੂਤਨਿਕ ਵੀ’ ਵੈਕਸੀਨ ਦੀ ਪ੍ਰਤੀ ਖੁਰਾਕ ਦਾ ਮੁੱਲ 1145 ਰੁਪਏ ਨਿਰਧਾਰਿਤ ਕੀਤਾ ਹੈ। ਕੋਵੀਸ਼ੀਲਡ ਤੇ ਕੋਵੈਕਸੀਨ ਮਗਰੋਂ ਇਹ ਤੀਜੀ ਵੈਕਸੀਨ ਹੈ, ਜਿਸ ਨੂੰ ਮੁਲਕ ਵਿੱਚ ਹੰਗਾਮੀ ਹਾਲਾਤ ’ਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਨਿੱਜੀ ਕੋਵਿਡ-19 ਵੈਕਸੀਨੇਸ਼ਨ ਕੇਂਦਰਾਂ (ਸੀਵੀਸੀ’ਜ਼) ਵਿੱਚ ਕੋਵੀਸ਼ੀਲਡ ਦੀ ਕੀਮਤ 780 ਰੁਪਏ ਪ੍ਰਤੀ ਖੁਰਾਕ ਤੇ ਕੋਵੈਕਸੀਨ ਲਈ 1410 ਰੁਪਏ ਪ੍ਰਤੀ ਖੁਰਾਕ ਰੱਖੀ ਗਈ ਹੈ। ਸਪੂਤਨਿਕ ਵੀ ਰੂਸ ਦੀ ਗਮਾਲਿਆ ਨੈਸ਼ਨਲ ਰਿਸਰਚ ਇੰਸਟੀਚਿਊਟ ਆਫ਼ ਐਪੀਡੈਮੀਓਲੋਜੀ ਤੇ ਮਾਈਕਰੋਬਾਇਓਲੋਜੀ ਵੱਲੋਂ ਵਿਕਸਤ ਕੀਤੀ ਗਈ ਹੈ। ਭਾਰਤ ਵਿੱਚ ਇਸ ਦੀ ਡਿਸਟ੍ਰੀਬਿਊਸ਼ਨ ਹੈਰਦਾਬਾਦ ਅਧਾਰਿਤ ਡਾ.ਰੈੱਡੀਜ਼ ਲੈਬਾਰਟਰੀ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। -ਪੀਟੀਆਈ