ਲਖਨਊ, 19 ਦਸੰਬਰ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਮਤਲਬ ‘ਭ੍ਰਿਸ਼ਟਾਚਾਰ, ਅਨਿਆਂ, ਜ਼ੁਲਮ ਤੇ ਦੁਰਵਿਹਾਰ ਹੈ।’ ਉਨ੍ਹਾਂ ਕਿਹਾ ਕਿ ਅਖਿਲੇਸ਼ ਦੀ ਅਗਵਾਈ ਵਾਲੀ ਪਾਰਟੀ ਹੋਰਨਾਂ ਪਾਰਟੀਆਂ ਵਾਂਗ ਪਰਿਵਾਰਵਾਦ ਤੇ ਵੰਸ਼ਵਾਦ ਦੀ ਸਿਆਸਤ ਵਿਚ ਉਲਝੀ ਹੋਈ ਹੈ ਤੇ ਸਿਰਫ਼ ਭਾਜਪਾ ਹੀ ਹੈ ਜੋ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਦੀ ਹੈ। ਨੱਢਾ ਨੇ ਇੱਥੇ ਅੰਬੇਡਕਰ ਨਗਰ ਵਿਚ ‘ਜਨਵਿਸ਼ਵਾਸ ਯਾਤਰਾ’ ਕੱਢਦਿਆਂ ਕਿਹਾ ਕਿ ‘ਸਪਾ’ ਦਾ ਦਾਅਵਾ ਕਿ ਇਹ ਇਕ ਨਵੀਂ ਤੇ ਸੁਧਾਰਾਂ ਨਾਲ ਆਈ ਪਾਰਟੀ ਹੈ, ਝੂਠਾ ਹੈ। ਭਾਜਪਾ ਨੇ ਅੱਜ ਇਹ ਯਾਤਰਾ ਲਾਂਚ ਕੀਤੀ ਹੈ ਤੇ ਚੋਣਾਂ ਦੇ ਮੱਦੇਨਜ਼ਰ 400 ਹਲਕਿਆਂ ਵਿਚ ਕੱਢੀ ਜਾਵੇਗੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਵੇਂ ‘ਨੈਸ਼ਨਲ ਕਾਨਫਰੰਸ, ਪੀਡੀਪੀ ਜੰਮੂ ਕਸ਼ਮੀਰ ਵਿਚ ਪਰਿਵਾਰਵਾਦ ਦੀਆਂ ਪਾਰਟੀਆਂ ਹਨ, ਇਸੇ ਤਰ੍ਹਾਂ ਸਪਾ ਵੀ ਯੂਪੀ ਵਿਚ ਵੰਸ਼ਵਾਦ ਦੀ ਪਾਰਟੀ ਹੀ ਹੈ।’ ਬੰਗਾਲ, ਯੂਪੀ ਤੇ ਦੱਖਣ ਵਿਚ ਵੀ ਇਸ ਤਰ੍ਹਾਂ ਦੀਆਂ ਪਾਰਟੀਆਂ ਹਨ ਜਿਨ੍ਹਾਂ ਦੀ ਵਿਚਾਰਧਾਰਾ ‘ਮੇਰੇ ਬਬੂਆ ਤੋਂ ਇਲਾਵਾ ਕੋਈ ਨਹੀਂ’, ਉਤੇ ਅਧਾਰਿਤ ਹੈ। ਨੱਢਾ ਨੇ ਕਿਹਾ ਕਿ ਭਾਜਪਾ ਵਿਚ ਮੋਦੀ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ ਤੇ ਉਨ੍ਹਾਂ ਦੀਆਂ ਸਕੀਮਾਂ ਗਰੀਬਾਂ, ਪੱਛੜੇ ਵਰਗਾਂ, ਦਲਿਤਾਂ ਲਈ ਹਨ। ਉਨ੍ਹਾਂ ਕਿਹਾ ਕਿ ਸਪਾ ਨੇ ਖ਼ਣਨ ਮਾਫੀਆ ਨੂੰ ਸਰਪ੍ਰਸਤੀ ਦਿੱਤੀ। ਇਸੇ ਦੌਰਾਨ ਝਾਂਸੀ ਵਿਚ ਭਾਜਪਾ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ‘ਇਨਸਵਿੰਗਰਜ਼’ ਤੇ ‘ਆਊਟਸਵਿੰਗਰਜ਼’ ਗੇਂਦਾਂ ਵਿਰੋਧੀਆਂ ਤੋਂ ਖੇਡੀਆਂ ਨਹੀਂ ਜਾ ਰਹੀਆਂ। ਕ੍ਰਿਕਟ ਦੇ ਲਿਹਾਜ਼ ਤੋਂ ਟਿੱਪਣੀ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਆਦਿੱਤਿਆਨਾਥ ਹਰਫ਼ਨਮੌਲਾ ਹਨ। ਉਨ੍ਹਾਂ ਅਪਰਾਧ ’ਤੇ ਵੀ ਕਾਬੂ ਪਾਇਆ ਤੇ ਸੂਬੇ ਵਿਚ ਵਿਕਾਸ ਵੀ ਕੀਤਾ। ਰੱਖਿਆ ਮੰਤਰੀ ਨੇ ਜੰਮੂ ਕਸ਼ਮੀਰ ਵਿਚ ਅਤਿਵਾਦ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ