ਪੋਰਟ ਲੂਈ, 24 ਫਰਵਰੀ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਮੌਰੀਸ਼ਸ ਵਿੱਚ ਪਰਵਾਸੀ ਭਾਰਤੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਭਾਰਤੀ ਡਾਇਸਪੋਰਾ ਸ਼ਾਂਤੀ, ਬਹੁਲਵਾਦ ਅਤੇ ਸਾਂਝੇ ਵਿਕਾਸ ਤੇ ਵਿਆਪਕ ਭਾਈਚਾਰੇ ਜਿਹੀਆਂ ਕਦਰਾਂ ਕੀਮਤਾਂ ਦੀ ‘ਚਮਕਦੀ ਮਿਸਾਲ’ ਹੈ। ਮੌਰੀਸ਼ਸ, ਹਿੰਦ ਮਹਾਸਾਗਰ ਵਿੱਚ ਰਣਨੀਤਕ ਪੱਖੋਂ ਭਾਰਤ ਦਾ ਅਹਿਮ ਗੁਆਂਢੀ ਹੈ। ਜੈਸ਼ੰਕਰ ਦੋ ਮੁਲਕਾਂ ਦੀ ਆਪਣੀ ਫੇਰੀ ਦੇ ਆਖਰੀ ਪੜਾਅ ਤਹਿਤ ਬੀਤੀ ਰਾਤ ਮਾਲਦੀਵਜ਼ ਤੋਂ ਇਥੇ ਪੁੱਜੇ ਸਨ। ਜੈਸ਼ੰਕਰ ਨੇ ਮੌਰੀਸ਼ਸ ਵਿੱਚ ਹਿੰਦੂਆਂ ਲਈ ਸਭ ਤੋਂ ਪਵਿੱਤਰ ਥਾਵਾਂ ’ਚੋਂ ਇਕ ਗੰਗਾ ਤਲਾਓ ਦਾ ਦੌਰਾ ਕਰ ਕੇ ਉਥੇ ਪੂਜਾ ਅਰਚਨਾ ਕੀਤੀ। ਇਸ ਮੌਕੇ ਮੌਰੀਸ਼ਸ ਦੇ ਵਿਦੇਸ਼ ਮੰਤਰੀ ਆਲਨ ਗਾਨੂੰ, ਸਭਿਆਚਾਰ ਮੰਤਰੀ ਅਵਿਨਾਸ਼ ਟੀਲੱਕ ਤੇ ਖੇਤੀ ਮੰਤਰੀ ਮਨੀਸ਼ ਗੋਬਿਨ ਵੀ ਮੌਜੂਦ ਸਨ। ਜੈਸ਼ੰਕਰ ਨੇ ਮਗਰੋਂ ਇਕ ਟਵੀਟ ਕਰਕੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। -ਪੀਟੀਆਈ