ਪਟਨਾ: ਆਰਐੱਸਐੱਸ ਦੀ ਇਸਲਾਮਿਕ ਇੰਤਹਾਪਸੰਦ ਜਥੇਬੰਦੀ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਨਾਲ ਕਥਿਤ ਤੁਲਨਾ ਕੀਤੇ ਜਾਣ ਕਰਕੇ ਭਾਜਪਾ ਦੇ ਨਿਸ਼ਾਨੇ ’ਤੇ ਆਏ ਪਟਨਾ ਦੇ ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦੇ ‘ਕੁਝ ਚੋਣਵੇਂ ਹਿੱਸੇ ਦੀ ਆਪਣੀ ਮਰਜ਼ੀ ਮੁਤਾਬਕ ਵਿਆਖਿਆ’ ਕਰਕੇ ਬੇਵਜ੍ਹਾ ਵਿਵਾਦ ਖੜ੍ਹਾ ਕੀਤਾ ਗਿਆ ਹੈ। ਢਿੱਲੋਂ ਨੇ ਕਿਹਾ ਸੀ ਕਿ ਪੀਐੱਫਆਈ ਆਪਣੇ ਕੇਡਰਾਂ ਨੂੰ ਇੰਜ ਸਰੀਰਕ ਸਿਖਲਾਈ ਦਿੰਦਾ ਹੈ ਜਿਵੇਂ ਆਰਐੈੱਸਐੱਸ ਵੱਲੋਂ ਸਾਖ਼ਾਵਾਂ’ ਨੂੰ ਦਿੱਤੀ ਜਾਂਦੀ ਹੈ। ਢਿੱਲੋਂ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਨ੍ਹਾਂ ਤਾਂ ਮਹਿਜ਼ ਉਹੀ ਗੱਲ ਕਹੀ ‘ਜੋ ਰਿਕਾਰਡ ’ਤੇ ਹੈ, ਅਤੇ ਇਹ ਸਾਡੀ ਜਾਂਚ ਦਾ ਹਿੱਸਾ ਹੈ।’