ਨਵੀਂ ਦਿੱਲੀ, 5 ਜਨਵਰੀ
ਹਰਿਦੁਆਰ ਧਰਮ ਸੰਸਦ ’ਚ ਨਫ਼ਰਤ ਫੈਲਾਉਣ ਵਾਲੇ ਭਾਸ਼ਨ ਦਿੱਤੇ ਜਾਣ ਖ਼ਿਲਾਫ਼ ਹਥਿਆਰਬੰਦ ਬਲਾਂ ਦੇ ਕੁਝ ਸਾਬਕਾ ਮੁਖੀਆਂ ਸਮੇਤ ਕਈ ਹਸਤੀਆਂ ਵੱਲੋਂ ਕਾਰਵਾਈ ਦੀ ਮੰਗ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀਆਂ ਨੇ ਬੁੱਧਵਾਰ ਨੂੰ ਉਨ੍ਹਾਂ ’ਤੇ ਸਰਕਾਰ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਨਿੰਦਾ ਚੋਣਵੇਂ ਤਰੀਕੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ ਹੈ। ਕੰਵਲ ਸਿੱਬਲ, ਵੀਨਾ ਸੀਕਰੀ, ਲਕਸ਼ਮੀ ਪੁਰੀ ਸਮੇਤ 32 ਸਾਬਕਾ ਆਈਐੱਫਐੱਸ ਅਧਿਕਾਰੀਆਂ ਨੇ ਇਕ ਖੁੱਲ੍ਹੀ ਚਿੱਠੀ ’ਚ ਕਿਹਾ ਕਿ ਹਰ ਤਰ੍ਹਾਂ ਦੀ ਹਿੰਸਾ ਦੇ ਸੱਦੇ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਧਾਰਮਿਕ, ਜਾਤੀਗਤ, ਵਿਚਾਰਕ ਜਾਂ ਖਿੱਤੇ ਦੇ ਹੋਣ। ਉਨ੍ਹਾਂ ਕਿਹਾ ਕਿ ਨਿਖੇਧੀ ਕਰਨ ਵੇਲੇ ਕਿਸੇ ਵੀ ਤਰ੍ਹਾਂ ਦਾ ਦੋਹਰਾ ਮਾਪਦੰਡ ਨਾ ਅਪਣਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕਾਰਕੁਨਾਂ ਦਾ ਇਕ ਗਰੁੱਪ, ਜਿਨ੍ਹਾਂ ’ਚ ਮਾਓਵਾਦੀਆਂ ਨਾਲ ਹਮਦਰਦੀ ਰੱਖਣ ਵਾਲੇ ਕਈ ਮੰਨੇ-ਪ੍ਰਮੰਨੇ ਖੱਬੇ ਪੱਖੀ ਸ਼ਾਮਲ ਹਨ, ਨਾਲ ਕੁਝ ਸਾਬਕਾ ਨੌਕਰਸ਼ਾਹ ਅਤੇ ਹਥਿਆਰਬੰਦ ਬਲਾਂ ਦੇ ਸਾਬਕਾ ਅਧਿਕਾਰੀਆਂ ਤੋਂ ਇਲਾਵਾ ਮੀਡੀਆ ਦੇ ਕੁਝ ਹਿੱਸੇ ਨੇ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰੱਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਫਿਰਕੇ ਦਾ ਧਿਆਨ ਖਿੱਚਣ ਲਈ ‘ਨਾਜ਼ੀਵਾਦ’ ਅਤੇ ‘ਨਰਸੰਘਾਰ’ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਦਾ ਸੁਖਾਲਾ ਤਰੀਕਾ ਹੋ ਗਿਆ ਹੈ। ਇਸ ਤੋਂ ਪਹਿਲਾਂ 100 ਤੋਂ ਜ਼ਿਆਦਾ ਸਾਬਕਾ ਅਧਿਕਾਰੀਆਂ ਨੇ ਨਫ਼ਰਤ ਫੈਲਾਉਣ ਵਾਲੇ ਭਾਸ਼ਨਾਂ ਦੀਆਂ ਹਾਲੀਆ ਘਟਨਾਵਾਂ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਢੁੱਕਵੇਂ ਕਦਮ ਉਠਾਉਣ ਦੀ ਬੇਨਤੀ ਕੀਤੀ ਸੀ। ਆਪਣੀ ਜਵਾਬੀ ਚਿੱਠੀ ’ਚ ਸਾਬਕਾ ਆਈਐੱਫਐੱਸ ਅਧਿਕਾਰੀਆਂ ਨੇ ਮੰਨਿਆ ਕਿ ਹਰਿਦੁਆਰ ਦੇ ਪ੍ਰੋਗਰਾਮ ’ਚ ਕੀਤੀਆਂ ਗਈਆਂ ਟਿੱਪਣੀਆਂ ਦੀ ਸਾਰੀਆਂ ਵਿਚਾਰਧਾਰਾਵਾਂ ਵੱਲੋਂ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਕ-ਦੋ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਹੁਕਮਰਾਨ ਧਿਰ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੀਆਂ ਹੋਣ। ਉਨ੍ਹਾਂ ਕਿਹਾ ਕਿ ਅਪੀਲ ’ਤੇ ਦਸਤਖ਼ਤ ਕਰਨ ਵਾਲਿਆਂ ਦੀ ਨਜ਼ਰ ’ਚ ਭਾਰਤ ਦੀ ਸੁਰੱਖਿਆ ਨੂੰ ਪਾਕਿਸਤਾਨ ਅਤੇ ਚੀਨ ਤੋਂ ਏਨਾ ਖ਼ਤਰਾ ਨਹੀਂ ਹੈ ਜਿਨ੍ਹਾਂ ਕਿ ਮੁੱਠੀ ਭਰ ਹਿੰਦੂ ਕਾਰਕੁੰਨਾਂ ਵੱਲੋਂ ਘੱਟ ਗਿਣਤੀਆਂ ਬਾਰੇ ਸਟੇਜ਼ਾਂ ਤੋਂ ਕੁਝ ਮਾੜਾ ਬੋਲਣ ਅਤੇ ਹਮਲਾਵਰ ਤਰੀਕੇ ਨਾਲ ਆਪਣੀ ਹਿੰਦੂ ਪਛਾਣ ਦਾ ਦਾਅਵਾ ਕਰਨ ਨਾਲ ਹੈ। -ਪੀਟੀਆਈ