ਤੁਰੂਵੇਕਰੇ (ਕਰਨਾਟਕ), 8 ਅਕਤੂਬਰ
ਕਾਰੋਬਾਰੀ ਗੌਤਮ ਅਡਾਨੀ ਵੱਲੋਂ ਰਾਜਸਥਾਨ ਵਿੱਚ ਵੱਡਾ ਨਿਵੇਸ਼ ਕਰਨ ਦਾ ਵਾਅਦਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ਵਿਚਲੀ ਕਾਂਗਰਸ ਸਰਕਾਰ ਨੇ ਕਾਰੋਬਾਰੀ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਾਰਪੋਰੇਟਾਂ ਖ਼ਿਲਾਫ਼ ਨਹੀਂ ਹਨ ਬਲਕਿ ਏਕਾਧਿਕਾਰ ਖ਼ਿਲਾਫ਼ ਹਨ।
ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਰਾਜਸਥਾਨ ਸਰਕਾਰ ਗਲਤ ਢੰਗ ਨਾਲ ਅਡਾਨੀ ਨੂੰ ਕਾਰੋਬਾਰ ਦਿੰਦੀ ਹੈ ਤਾਂ ਉਹ ਉਸ ਦਾ ਵਿਰੋਧ ਕਰਨਗੇ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਅਡਾਨੀ ਦੀ ਭਰਪੂਰ ਪ੍ਰਸ਼ੰਸਾ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਜਪਾ ਨੇ ਕਾਂਗਰਸ ਨੂੰ ਕਾਫੀ ਭੰਡਿਆ ਸੀ। ਭਾਜਪਾ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਹਮੇਸ਼ਾ ਇਹ ਦੋਸ਼ ਲਗਾਉਂਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਵੱਡੇ ਕਾਰੋਬਾਰੀਆਂ ਦੀ ਮਦਦ ਕਰਦੇ ਹਨ।
ਰਾਜਸਥਾਨ ਸਰਕਾਰ ਦੇ ਪ੍ਰੋਗਰਾਮ ਵਿੱਚ ਅਡਾਨੀ ਦੀ ਹਾਜ਼ਰੀ ਅਤੇ ਕਾਰੋਬਾਰੀ ਵੱਲੋਂ ਸੂਬੇ ਵਿੱਚ ਨਿਵੇਸ਼ ਦਾ ਵਾਅਦਾ ਕਰਨ ਬਾਰੇ ਪੁੱਛਣ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਸ੍ਰੀ ਅਡਾਨੀ ਨੇ ਰਾਜਸਥਾਨ ਲਈ 60,000 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ। ਕੋਈ ਵੀ ਮੁੱਖ ਮੰਤਰੀ ਅਜਿਹੀ ਪੇਸ਼ਕਸ਼ ਤੋਂ ਇਨਕਾਰ ਨਹੀਂ ਕਰ ਸਕਦਾ। ਅਸਲ ਵਿੱਚ ਅਜਿਹੀ ਪੇਸ਼ਕਸ਼ ਤੋਂ ਇਨਕਾਰ ਕਰਨਾ ਇਕ ਮੁੱਖ ਮੰਤਰੀ ਲਈ ਸਹੀ ਵੀ ਨਹੀਂ ਹੋਵੇਗਾ। ਮੇਰਾ ਝਗੜਾ ਕੁਝ ਕੁ ਚੋਣਵੇਂ ਕਾਰੋਬਾਰੀਆਂ ਦੀ ਮਦਦ ਕਰਨ ਲਈ ਸਿਆਸੀ ਸ਼ਕਤੀ ਦਾ ਇਸਤੇਮਾਲ ਕਰਨ ਸਬੰਧੀ ਹੈ। ਮੇਰਾ ਵਿਰੋਧ ਦੇਸ਼ ਵਿੱਚ ਹਰੇਕ ਕਾਰੋਬਾਰ ’ਚ ਏਕਾਧਿਕਾਰ ਕਾਇਮ ਕਰਨ ਲਈ ਦੋ-ਤਿੰਨ ਜਾਂ ਚਾਰ ਵੱਡੇ ਕਾਰੋਬਾਰੀਆਂ ਦੀ ਸਿਆਸੀ ਤੌਰ ’ਤੇ ਮਦਦ ਕਰਨ ਖ਼ਿਲਾਫ਼ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਿਸੇ ਵੀ ਤਰੀਕੇ ਨਾਲ ਕਾਰਪੋਰੇਟਾਂ ਖ਼ਿਲਾਫ਼ ਨਹੀਂ ਹਾਂ, ਨਾ ਹੀ ਮੈਂ ਕਾਰੋਬਾਰ ਖ਼ਿਲਾਫ਼ ਹਾਂ ਪਰ ਮੈਂ ਭਾਰਤੀ ਕਾਰੋਬਾਰ ਦੇ ਸੰਪੂਰਨ ਏਕਾਧਿਕਾਰ ਖ਼ਿਲਾਫ਼ ਹਾਂ ਕਿਉਂਕਿ ਉਸ ਨਾਲ ਦੇਸ਼ ਕਮਜ਼ੋਰ ਹੁੰਦਾ ਹੈ।’’ ਉਨ੍ਹਾਂ ਦੋਸ਼ ਲਗਾਇਆ, ‘‘ਅੱਜ ਅਸੀਂ ਦੇਖ ਰਹੇ ਹਾਂ ਕਿ ਭਾਜਪਾ ਸਰਕਾਰ ਨੇ ਕੁਝ ਕੁ ਚੋਣਵੇਂ ਕਾਰੋਬਾਰੀਆਂ ਦੀ ਮਦਦ ਕਰ ਕੇ ਸਾਰੇ ਕਾਰੋਬਾਰਾਂ ਵਿੱਚ ਸੰਪੂਰਨ ਏਕਾਧਿਕਾਰ ਕਾਇਮ ਕਰ ਦਿੱਤਾ ਹੈ।’’ -ਪੀਟੀਆਈ
ਅਡਾਨੀ ਹੋਵੇ ਜਾਂ ਜੈ ਸ਼ਾਹ, ਸਾਰਿਆਂ ਦਾ ਸਵਾਗਤ ਕਰਾਂਗੇ: ਗਹਿਲੋਤ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਾਰੋਬਾਰੀ ਗੌਤਮ ਅਡਾਨੀ ਨੂੰ ਲੈ ਕੇ ਕਾਂਗਰਸ ’ਤੇ ਤਨਜ਼ ਕੱਸਣ ਲਈ ਭਾਜਪਾ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ‘ਰਾਜਸਥਾਨ ਨਿਵੇਸ਼ ਸੰਮੇਲਨ’ ਨਿੱਜੀ ਪ੍ਰੋਗਰਾਮ ਨਹੀਂ ਸੀ ਅਤੇ ਇਸ ਵਿੱਚ 3000 ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। ਗਹਿਲੋਤ ਨੇ ਕਿਹਾ ਕਿ ਭਾਵੇਂ ਅਡਾਨੀ ਹੋਵੇ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਜੈ ਸ਼ਾਹ, ਰਾਜਸਥਾਨ ਵੱਲੋਂ ਸਵਾਗਤ ਕੀਤਾ ਜਾਵੇੇਗਾ ਕਿਉਂਕਿ ਸੂਬੇ ਨੂੰ ਨਿਵੇਸ਼ ਤੇ ਰੁਜ਼ਗਾਰ ਚਾਹੀਦਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗਾਂਧੀਨਗਰ ਰੇਲਵੇ ਸਟੇਸ਼ਨ ’ਤੇ ਪ੍ਰਸਿੱਧ ‘ਪੈਲੇਸ ਆਨ ਵ੍ਹੀਲਜ਼’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਲਗਜ਼ਰੀ ਰੇਲਗੱਡੀ ਕਰੋਨਾ ਮਹਾਮਾਰੀ ਕਾਰਨ ਦੋ ਸਾਲ ਪਹਿਲਾਂ ਬੰਦ ਕਰ ਦਿੱਤੀ ਗਈ ਸੀ। -ਪੀਟੀਆਈ