ਲੇਹ, 22 ਜੂਨ
ਲੱਦਾਖ ਵਿੱਚ ਫ਼ੌਜੀਆਂ ਦੀ ਵੱਖ ਵੱਖ ਤਰੀਕਿਆਂ ਨਾਲ ਮਦਦ ਲਈ ਫੌਜ 500 ਵਿਅਕਤੀਆਂ ਦੀ ‘ਪੋਰਟਰ ਕੰਪਨੀ’ ਬਣਾਏਗੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕਮਾਂਡੈਂਟ ਕਰਨਲ ਵੀ ਐੱਸ ਮਲਹਾਨ ਨੇ ਕਿਹਾ, ‘‘ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਲੇਹ ਜ਼ਿਲ੍ਹੇ ਦੇ ਇਲਾਕਿਆਂ ਲਈ 14 ਕੋਰ ਦੇ ਮੁੱਖ ਦਫ਼ਤਰ ਤਹਿਤ 2022 ਲਈ ਪੋਰਟਰ ਕੰਪਨੀ ਬਣਾਈ ਜਾ ਰਹੀ ਹੈ।’’ ਉਨ੍ਹਾਂ ਦੱਸਿਆ ਕਿ ਭਰਤੀ ਪ੍ਰਕਿਰਿਆ 29 ਜੂਨ ਤੋਂ ਪਹਿਲੀ ਜੁਲਾਈ ਤੱਕ ਲੇਹ ਵਿੱਚ ਹਾਲ ਆਫ ਫੇਮ
(ਅਜਾਇਬ ਘਰ) ਦੇ ਸਾਹਮਣੇ ਸਥਿਤ ਆਰਮੀ ਸਰਵਿਸ ਕੋਰ (ਏਐੱਸਸੀ) ਕੰਪਨੀ ਵਿੱਚ ਹੋਵੇਗੀ। ਕਰਨਲ ਮਲਹਾਨ ਨੇ ਕਿਹਾ ਕਿ ਭਰਤੀ ਲਈ ਕੀਤੇ ਜਾਣ ਵਾਲੇ 520 ਪੋਰਟਰਾਂ ਵਿੱਚੋਂ 400 ਜਨਰਲ ਵਰਗ ਅਤੇ 120 ਰਾਖਵੇਂ ਵਰਗ ਲਈ ਹੋਣਗੇ। -ਪੀਟੀਆਈ