ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦੋਸ਼ ਲਾਇਆ ਕਿ ਕੁਝ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ‘ਸਪਾਂਸਰ’ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਦਾਅਵਾ ਕੀਤਾ ਕਿ ਇਸ ਮੁੱਦੇ ’ਤੇ ਉਹ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਅਤੇ ਉਹ ਤਿੰਨ ਦਿਨ ਉਨ੍ਹਾਂ ਦੇ ਦਫ਼ਤਰ ਟੈਲੀਫੋਨ ਕਰਦੇ ਰਹੇ ਪ੍ਰੰਤੂ ਉਨ੍ਹਾਂ (ਕੈਪਟਨ) ਨੇ ਜਵਾਬ ਨਹੀਂ ਦਿੱਤਾ। ਗੁੜਗਾਉਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ‘ਸਾਜ਼ਿਸ਼’ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਵਿਚਲੇ ਅਧਿਕਾਰੀ ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ‘ਦਿਸ਼ਾ-ਨਿਰਦੇਸ਼’ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਕੁਝ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਇਸ ਨੂੰ ਸਪਾਂਸਰ ਕਰ ਰਹੀਆਂ ਹਨ। ਖੱਟਰ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕਿਸਾਨ ਪ੍ਰਦਰਸ਼ਨ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ, ‘‘ਇਸ ਲਈ ਮੈਂ ਹਰਿਆਣਾ ਦੇ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਹਰਿਆਣਾ ਪੁਲੀਸ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ, ਜਿਸ ਨੇ ਪਿਛਲੇ 2-3 ਦਿਨਾਂ ਦੌਰਾਨ ਸੰਜਮ ਵਰਤਿਆ ਅਤੇ ਬਲ ਦੀ ਵਰਤੋਂ ਨਹੀਂ ਕੀਤੀ।’’ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਵਲੋਂ ਆਪਣਾ ਸਿਆਸੀ ਕੁਹਾੜਾ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿੰਦਾ ਕੀਤੇ ਜਾਣ ਦੀ ਲੋੜ ਹੈ। ਇੱਕ ਸਵਾਲ ਦੇ ਜਵਾਬ ਵਿੱਚ ਖੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ। ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਵਿੱਚ ਕਿਹਾ ਕਿ ਪੂਰੇ ਮੁਲਕ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਪੰਜਾਬ ਵਿੱਚ ਸਿਆਸੀ ਕਾਰਨਾਂ ਅਤੇ ਅਮਰਿੰਦਰ ਸਿੰਘ ਦੀ ਮਿਹਰਬਾਨੀ ਕਾਰਨ ਉਹ ਪ੍ਰਦਰਸ਼ਨ ਕਰ ਰਹੇ ਹਨ। -ਪੀਟੀਆਈ
ਖੱਟਰ ਨੇ ਕਿਸਾਨ ਪ੍ਰਦਰਸ਼ਨ ’ਤੇ ਖ਼ਾਲਿਸਤਾਨੀ ਸਬੰਧਾਂ ਦੇ ਦੋਸ਼ ਲਾਏ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਾਂ ਦੇ ਖ਼ਾਲਿਸਤਾਨੀ ਸਬੰਧਾਂ ਦੇ ਦੋਸ਼ ਲਾਏ। ਉਨ੍ਹਾਂ ਮੀਡੀਆ ਨੂੰ ਦੱਸਿਆ, ‘‘ਸੂਬੇ ਨੂੰ ਕਿਸਾਨਾਂ ਦੇ ਕੌਮੀ ਰਾਜਧਾਨੀ ਅਤੇ ਆਸ-ਪਾਸ ਚੱਲ ਰਹੇ ਪ੍ਰਦਰਸ਼ਨ ਦੌਰਾਨ ਕੁਝ ਅਣਚਾਹੇ ਅਨਸਰਾਂ ਵਲੋਂ ਖ਼ਾਲਿਸਤਾਨ-ਪੱਖੀ ਨਾਅਰੇ ਲਾਉਣ ਦੀ ਵੀ ਜਾਣਕਾਰੀ ਮਿਲੀ ਹੈ।’’ ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕ ਵਾਰ ਉਨ੍ਹਾਂ ਨੂੰ ‘ਠੋਸ’ ਜਾਣਕਾਰੀ ਮਿਲ ਜਾਵੇ ਤਾਂ ਉਹ ਹੋਰ ਵੇਰਵੇ ਸਾਂਝੇ ਕਰਨਗੇ। ਮੁੱਖੀ ਮੰਤਰੀ ਨੇ ਕਿਹਾ, ‘‘ਸਾਨੂੰ ਜਾਣਕਾਰੀ ਮਿਲੀ ਹੈ ਕਿ ਭੀੜ ਵਿੱਚ ਕੁਝ ਅਜਿਹੇ ਅਣਚਾਹੇ ਅਨਸਰ ਵੀ ਸ਼ਾਮਲ ਹਨ। ਸਾਡੇ ਕੋਲ ਰਿਪੋਰਟਾਂ ਹਨ, ਜਿਨ੍ਹਾਂ ਦੇ ਪੁਖ਼ਤਾ ਹੋਣ ’ਤੇ ਖ਼ੁਲਾਸਾ ਕੀਤਾ ਜਾਵੇਗਾ। ਉਨ੍ਹਾਂ ਨੇ ਅਜਿਹੇ ਨਾਅਰੇ ਲਾਏ। ਵੀਡੀਓਜ਼ ਵਿੱਚ ਉਨ੍ਹਾਂ ਕਿਹਾ, ‘ਜੇਕਰ ਇੰਦਰਾ ਗਾਂਧੀ ਨੂੰ ਇਹ ਕਰ ਸਕਦੇ ਹਾਂ ਤਾਂ ਮੋਦੀ ਨੂੰ ਕਿਉਂ ਨਹੀਂ ਕਰ ਸਕਦੇ।’’ -ਆਈਏਐੱਨਐੱਸ