ਚੇਨੱਈ, 11 ਅਪਰੈਲ
ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੇ ਦੇਸ਼ ਵਿੱਚ ‘ਉੱਤਰ-ਦੱਖਣ’ ਦੀ ਵੰਡ ’ਤੇ ਅਫਸੋਸ ਜਤਾਇਆ ਅਤੇ ਦੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ‘ਇੱਕਜੁਟਤਾ’ ਦੀ ਵਕਾਲਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘‘ਹਿੰਦੀ ਭਾਸ਼ਾ ਨੂੰ ਅੰਗਰੇਜ਼ੀ ਦਾ ਬਦਲ ਹੋਣਾ ਚਾਹੀਦਾ ਹੈ’’ ਵਾਲੇ ਬਿਆਨ ਦੇ ਜਵਾਬ ਉਨ੍ਹਾਂ ਕਿਹਾ, ‘‘ਤਾਮਿਲ ਇੱਕ ਲਗਾਅ ਦੀ ਭਾਸ਼ਾ ਹੈ।’’ ਸੀਆਈਆਈ ਦੇ ਇੱਕ ਪ੍ਰੋਗਰਾਮ ਵਿੱਚ ਰਹਿਮਾਨ ਨੇ ਕਿਹਾ, ‘‘ਦੱਖਣ ਭਾਰਤ-ਉੱਤਰ ਭਾਰਤ, ਮੈਨੂੰ ਲੱਗਦਾ ਹੈ ਕਿ ਭਾਰਤ ਸਿਰਫ ਇੱਕ ਹੈ। ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ। ਕੁਝ ਇੱਥੇ ਚੰਗਾ ਕਰਦੇ ਹਨ ਤਾਂ ਉੱਤਰ ਭਾਰਤੀਆਂ ਨੂੰ ਫਾਇਦਾ ਹੁੰਦਾ ਹੈ, ਕੋਈ ਉੱਥੇ ਵਧੀਆ ਕਰਦਾ ਹੈ ਤਾਂ ਸਾਨੂੰ ਫਾਇਦਾ ਹੁੰਦਾ ਹੈ, ਹੱਦਾਂ ਦਾ ਕੋਈ ਬੰਨ੍ਹ ਰਿਹਾ। ਕਲਾ, ਫ਼ਿਲਮਾਂ ਰਾਹੀਂ ਲੋਕਾਂ ਨੂੰ ਵੰਡਣਾ ਬਹੁਤ ਸੌਖਾ ਹੁੰਦਾ ਹੈ। ਇਹ ਵਕਤ ‘ਇੱਕ’ ਹੋਣ ਦਾ ਹੈ, ਭਿੰਨਤਾ ਦਾ ਜਸ਼ਨ ਮਨਾਉਣ ਦਾ ਹੈ।… ਇਹ ਸਮਾਂ ਏਕਤਾ ਵਿਖਾਉਣ ਦਾ ਹੈ ਤਾਂ ਕਿ ਅਸੀਂ ਹੋਰ ਸ਼ਕਤੀਸ਼ਾਲੀ ਬਣ ਸਕੀਏ ਅਤੇ ਦੁਨੀਆਂ ਦੀ ਅਗਵਾਈ ਕਰ ਸਕੀਏ।’’ ਬਾਅਦ ਵਿੱਚ ਅਮਿਤ ਸ਼ਾਹ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਰਹਿਮਾਨ ਨੇ ਕਿਹਾ ਕਿ ‘‘ਤਾਮਿਲ ਲਗਾਅ ਦੀ ਭਾਸ਼ਾ ਹੈ।’’ ਦੱਸਣਯੋਗ ਹੈ ਕਿ ਸ਼ਾਹ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਹਿੰਦੀ ਨੂੰ ਅੰਗਰੇਜ਼ੀ ਦੇ ਬਦਲ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ, ਸਥਾਨਕ ਭਾਸ਼ਾਵਾਂ ਦੇ ਬਦਲ ਵਜੋਂ ਨਹੀਂ। -ਪੀਟੀਆਈ