ਨਵੀਂ ਦਿੱਲੀ, 8 ਸਤੰਬਰ
ਯੂਜੀਸੀ ਦੇ ਚੇਅਰਮੈਨ ਐੱਮ ਜਗਦੀਸ਼ ਕੁਮਾਰ ਨੇ ਕਿਹਾ ਕਿ ਮੈਡੀਕਲ ਦਾਖ਼ਲਾ ਟੈਸਟ ਨੀਟ ਅਤੇ ਇੰਜਨੀਅਰਿੰਗ ਦਾਖ਼ਲਾ ਟੈਸਟ ਜੇਈਈ ਦੇ ਸੀਯੂਈਟੀ-ਯੂਜੀ ਨਾਲ ਰਲੇਵੇਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਤੇ ਵਿਦਿਆਰਥੀਆਂ ’ਤੇ ਕੁਝ ਵੀ ਥੋਪਿਆ ਨਹੀਂ ਜਾਵੇਗਾ। ਉਨ੍ਹਾਂ ਦਾ ਇਹ ਬਿਆਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਗਲੇ ਦੋ ਸਾਲਾਂ ਲਈ ਜੇਈਈ ਅਤੇ ਨੀਟ ਦੇ ਸੀਯੂਈਟੀ ਨਾਲ ਰਲੇਵਾਂ ਨਾ ਕਰਨ ਸਬੰਧੀ ਦਿੱਤੇ ਬਿਆਨ ਤੋਂ ਦੋ ਦਿਨਾਂ ਬਾਅਦ ਆਇਆ ਹੈ। ਯੂਜੀਸੀ ਮੁਖੀ ਨੇ ਕਿਹਾ ਕਿ ਜੇਕਰ ਕੋਈ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਸ ਨਾਲ 11ਵੀਂ ਤੇ 12ਵੀਂ ਵਿੱਚ ਪੜ੍ਹਦੇ ਮੌਜੂਦਾ ਵਿਦਿਆਰਥੀ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਵਿਸਤ੍ਰਿਤ ਚਰਚਾ ਅਤੇ ਫੀਡਬੈਕ ਲੈਣ ਮਗਰੋਂ ਲਿਆ ਜਾਵੇਗਾ। -ਪੀਟੀਆਈ