ਕਾਠਮੰਡੂ/ਨਵੀਂ ਦਿੱਲੀ, 15 ਜੂਨ
ਨੇਪਾਲ ਦੇ ਉੱਘੇ ਅਰਥਸ਼ਾਸਤਰੀ ਡਾ. ਪੋਸ਼ ਰਾਜ ਪਾਂਡੇ ਦਾ ਕਹਿਣਾ ਹੈ ਕਿ ਭਾਰਤ ਤੇ ਨੇਪਾਲ ਨੂੰ ਸਰਹੱਦੀ ਵਿਵਾਦ ’ਤੇ ਆਪਣੇ ਰਿਸ਼ਤੇ ਖ਼ਰਾਬ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਨੇਪਾਲ ਆਪਣੇ ਦੱਖਣੀ ਗੁਆਂਢੀ ਉਤੇ ਜ਼ਰੂਰੀ ਵਸਤਾਂ ਲਈ ਨਿਰਭਰ ਕਰਦਾ ਹੈ ਤੇ ਚੀਨ ਨੂੰ ‘ਬਦਲ’ ਵਜੋਂ ਦੇਖਣਾ ਸਮਝਦਾਰੀ ਨਹੀਂ ਹੋਵੇਗੀ। ਨੇਪਾਲ ਵੱਲੋਂ ਨਵਾਂ ਨਕਸ਼ਾ ਜਾਰੀ ਕਰਨ ਹਿੱਤ ਸੰਵਿਧਾਨਕ ਸੋਧ ਲਈ ਕੀਤੀ ਜਾ ਰਹੀ ਚਾਰਾਜੋਈ ਉਤੇ ਟਿੱਪਣੀ ਕਰਦਿਆਂ ਪਾਂਡੇ ਨੇ ਕਿਹਾ ਕਿ ਇਸ ਦਾ ਵਿੱਤੀ ਪ੍ਰਭਾਵ ਮੋੜਵੀਂ ਭਾਰਤੀ ਕਾਰਵਾਈ ਉਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਨੇਪਾਲ ਤਿੰਨ ਪਾਸਿਓਂ ਭਾਰਤ ਨਾਲ ਜੁੜਦਾ ਹੈ। ਜੇ ਭਾਰਤ ਜਵਾਬੀ ਕਾਰਵਾਈ ਕਰੇਗਾ ਤਾਂ ਸਥਿਤੀ ਬਦਤਰ ਹੋ ਸਕਦੀ ਹੈ। ਇਸ ਦਾ ਨੇਪਾਲੀ ਆਰਥਿਕਤਾ ਉਤੇ ਡੂੰਘਾ ਪ੍ਰਭਾਵ ਪਵੇਗਾ। ਡਾ. ਪਾਂਡੇ ਕੌਮਾਂਤਰੀ ਵਪਾਰ ਤੇ ਆਰਥਿਕ ਵਿਕਾਸ ਦੇ ਖੇਤਰ ਵਿਚ ਦੋ ਦਹਾਕਿਆਂ ਤੋਂ ਸਰਗਰਮ ਹਨ। ਉਨ੍ਹਾਂ ਕਿਹਾ ਕਿ ਨੇਪਾਲ ਦੀ ਭਾਰਤ ਤੋਂ ਦਰਾਮਦ ਦੋ-ਤਿਹਾਈ ਹੈ ਜਦਕਿ ਚੀਨ ਤੋਂ ਕੇਵਲ 14 ਫ਼ੀਸਦ ਹੈ। ਮਾਹਿਰ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਪੱਖ ਤੋਂ ਚੀਨ ਭਾਰਤ ਦੀ ਥਾਂ ਨਹੀਂ ਲੈ ਸਕਦਾ। ਨੇਪਾਲ ਵਿਚ ਭਾਰਤ ਦੇ ਰਾਜਦੂਤ ਰਹੇ (2008-11) ਰਾਕੇਸ਼ ਸੂਦ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਆਪਣੇ ਰਿਸ਼ਤਿਆਂ ਨੂੰ ‘ਬੇਹੱਦ ਖ਼ਤਰਨਾਕ ਮੋੜ ਉਤੇ ਲੈ ਆਈਆਂ ਹਨ।’ ਉਨ੍ਹਾਂ ਕਿਹਾ ਕਿ ਭਾਰਤ ਨੂੰ ਕਾਠਮੰਡੂ ਨਾਲ ਗੱਲਬਾਤ ਲਈ ਸਮਾਂ ਕੱਢਣਾ ਚਾਹੀਦਾ ਹੈ ਕਿਉਂਕਿ ਗੁਆਂਢੀ ਮੁਲਕ ਸੰਵਾਦ ਲਈ ਨਵੰਬਰ ਮਹੀਨੇ ਤੋਂ ਜ਼ੋਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸ਼ਾਇਦ ਸੰਵੇਦਨਸ਼ੀਲਤਾ ਨਹੀਂ ਦਿਖਾਈ ਤੇ ਨੇਪਾਲ ਹੁਣ ਜਿਸ ਸਥਿਤੀ ਵਿਚ ਉਲਝ ਗਿਆ ਹੈ, ਉਸ ਲਈ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇਕ ਹੋਰ ਭਾਰਤੀ ਰਾਜਦੂਤ ਰਣਜੀਤ ਰਾਏ ਦਾ ਮੰਨਣਾ ਹੈ ਕਿ ਨੇਪਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਨਵੇਂ ਨਕਸ਼ੇ ਦਾ ਕਦਮ ਘਰੇਲੂ ਸਿਆਸਤ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਚੁੱਕਿਆ ਹੈ। ਉਹ ਭਾਰਤ ਵਿਰੋਧੀ ਹਵਾ ਨੂੰ ਸ਼ਹਿ ਦੇ ਕੇ ਚੋਣ ਜਿੱਤਣਾ ਚਾਹੁੰਦੇ ਹਨ। -ਪੀਟੀਆਈ