ਨਵੀਂ ਦਿੱਲੀ, 23 ਮਈ
ਭਾਰਤ ਵਿਚ ਭਾਵੇਂ ਰਿਕਵਰੀ ਦਰ ਵੱਧ ਰਹੀ ਹੈ ਪਰ ਡਾਕਟਰਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਕੋਵਿਡ ਤੋਂ ਉੱਭਰਨ ਤੋਂ ਬਾਅਦ ਵੀ ਖਿਆਲ ਰੱਖਣ ਲਈ ਕਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਉਪਲੱਬਧ ਨੁਸਖ਼ਿਆਂ ’ਤੇ ਭਰੋਸਾ ਨਾ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਤੋਂ ਪੁੱਛਣ। ਦਵਾਈਆਂ ਦੀ ਜ਼ਿਆਦਾ ਵਰਤੋਂ ਵੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।
ਨੋਇਡਾ ਦੇ ਮਾਹਿਰ ਡਾਕਟਰ ਅਸ਼ੀਸ਼ ਜੈਸਵਾਲ ਮੁਤਾਬਕ ਜੇ ਕੋਈ ਕਰੋਨਾ ਪਾਜ਼ੇਟਿਵ ਹੈ ਤੇ ਘਰੇ ਇਕਾਂਤ ਵਿਚ ਹੈ ਤਾਂ ਉਸ ਨੂੰ ਆਪਣੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ ਦੀ ਲੋੜ ਹੈ। ਕਈ ਵਾਰ ਥਕਾਵਟ, ਸਰੀਰ ਵਿਚ ਦਰਦ ਤੇ ਛਾਤੀ ’ਚ ਤਕਲੀਫ਼ ਲੰਮੇ ਸਮੇਂ ਤੱਕ ਰਹਿ ਸਕਦੀ ਹੈ।
ਕਈ ਮਰੀਜ਼ ‘ਬ੍ਰੇਨ ਫੌਗ’ ਦੀ ਸ਼ਿਕਾਇਤ ਕਰ ਰਹੇ ਹਨ। ਉਹ ਮਹਿਸੂਸ ਕਰਨ ਵਿਚ ਰੁਕਾਵਟ ਮਹਿਸੂਸ ਕਰਦੇ ਹਨ, ਉਲਝਣ ਵਿਚ ਰਹਿੰਦੇ ਹਨ ਤੇ ਫ਼ੈਸਲੇ ਨਹੀਂ ਲੈ ਪਾਉਂਦੇ। ਇਸ ਤੋਂ ਇਲਾਵਾ ਭੁੱਖ ਨਹੀਂ ਲੱਗਦੀ। ਅਜਿਹਾ ਵੀ ਕੋਵਿਡ ਰਿਕਵਰੀ ਤੋਂ ਬਾਅਦ ਹੋ ਸਕਦਾ ਹੈ। ਕਈ ਇਸ ਨੂੰ ‘ਡਿਪਰੈਸ਼ਨ’ ਮੰਨਦੇ ਹਨ ਪਰ ਸਾਰੇ ਕੇਸਾਂ ਵਿਚ ਅਜਿਹਾ ਨਹੀਂ ਹੈ। ਡਾਕਟਰ ਨੇ ਇਸ ਨੂੰ ‘ਪੋਸਟ ਕੋਵਿਡ ਸਿੰਡਰੋਮ’ ਦਾ ਨਾਂ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਕਾਰਾਤਮਕ ਰਹਿਣ ਤੇ ਚੰਗਾ ਸੋਚਣ। -ਪੀਟੀਆਈ
‘ਬਲੈਕ ਫੰਗਸ’ ਦੇ ਕੇਸਾਂ ਦਾ ਕਾਰਨ ਹੋ ਸਕਦੈ ਸ਼ੂਗਰ ਦੇ ਨਾਲ ਕਰੋਨਾ ਹੋਣਾ
ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਨਾਲ ਕਰੋਨਾ ਹੋਣਾ ‘ਬਲੈਕ ਫੰਗਸ’ ਦੇ ਕੇਸ ਵਧਣ ਦਾ ਕਾਰਨ ਹੋ ਸਕਦਾ ਹੈ। ਭਾਰਤ ਵਿਚ ਸ਼ੂਗਰ ਦੇ ਵੱਡੀ ਗਿਣਤੀ ਮਰੀਜ਼ ਹਨ। ਡਾਕਟਰਾਂ ਮੁਤਾਬਕ ਸ਼ੂਗਰ ਦੀ ਦਵਾਈ ਸਰੀਰ ਦੀ ਰੋਗ ਨਾਲ ਲੜਨ ਦੀ ਸਮਰੱਥਾ ਘਟਾਉਂਦੀ ਹੈ। ਇਸੇ ਤਰ੍ਹਾਂ ਕਰੋਨਾ ਦੀ ਦਵਾਈ ਨਾਲ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਜਦੋਂ ਕਰੋਨਾ ਤੋਂ ਉੱਭਰਦੇ ਹਨ ਤਾਂ ਉਨ੍ਹਾਂ ਨੂੰ ‘ਬਲੈਕ ਫੰਗਸ’ ਘੇਰ ਸਕਦੀ ਹੈ। -ਆਈਏਐਨਐੱਸ