ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਆਗੂ ਹਿਲਾਲ ਲੋਨ ਨੂੰ ਪਿਛਲੇ ਵਰ੍ਹੇ ਬਾਂਦੀਪੋਰਾ ਵਿੱਚ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੌਰਾਨ ਕਥਿਤ ਤੌਰ ’ਤੇ ‘ਨਫ਼ਰਤੀ ਭਾਸ਼ਣ’ ਦੇਣ ਦੇ ਦੋਸ਼ ਹੇਠ ‘ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ’ ‘ਯੂਏਪੀਏ’ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ ਤੋਂ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਦੇ ਪੁੱਤਰ ਸ੍ਰੀ ਲੋਨ ਨੂੰ ਸੋਮਵਾਰ ਨੂੰ ਇੱਥੇ ਐੱਮਐੱਲਏ ਹੋਸਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਸ ਨੂੰ ਪਿਛਲੇ ਵਰ੍ਹੇ ਦਸੰਬਰ ਤੋਂ ਨਜ਼ਰਬੰਦ ਰੱਖਿਆ ਗਿਆ ਸੀ। ਉਸ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ’ਚ ਸਥਿਤ ਇੱਕ ਪੁਲੀਸ ਸਟੇਸ਼ਨ ’ਚ ਦਰਜ ਇੱਕ ਐੱਫਆਈਆਰ ਦੇ ਸਬੰਧ ’ਚ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ