ਬਲੀਆ, 24 ਮਾਰਚ
ਉੱਤਰ ਪ੍ਰਦੇਸ਼ ਦੇ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਅੱਜ ਕਿਹਾ ਕਿ ਮੁਸਲਮਾਨ ਔਰਤਾਂ ਨੂੰ ‘ਬੁਰਕਾ ਪਹਿਨਣ ਤੋਂ ਜਲਦੀ ਹੀ ਮੁਕਤੀ ਮਿਲੇਗੀ।’ ਮੰਤਰੀ ਨੇ ਇਸ ਨੂੰ ‘ਬੁਰੀ ਪ੍ਰਥਾ’ ਕਰਾਰ ਦਿੰਦਿਆਂ ਬੁਰਕਾ ਪਹਿਨਣ ਦੀ ਤੁਲਨਾ ਹੁਣ ਪਾਬੰਦੀ ਅਧੀਨ ਤੀਹਰੇ ਤਲਾਕ ਦੀ ਪ੍ਰਥਾ ਨਾਲ ਕੀਤੀ। ਹਾਲੇ ਇਕ ਦਿਨ ਪਹਿਲਾਂ ਇਸੇ ਮੰਤਰੀ ਨੇ ਬਲੀਆ ਦੇ ਮੈਜਿਸਟਰੇਟ ਨੂੰ ਪੱਤਰ ਲਿਖਿਆ ਸੀ ਕਿ ਮਸਜਿਦਾਂ ਵਿਚ ਲੱਗੇ ਲਾਊਡਸਪੀਕਰਾਂ ਕਾਰਨ ਉਸ ਨੂੰ ਆਪਣੇ ਕਈ ਕੰਮ ਕਰਨ ਵਿਚ ਮੁਸ਼ਕਲ ਆਉਂਦੀ ਹੈ ਤੇ ਇਨ੍ਹਾਂ ਦੀ ਆਵਾਜ਼ ਅਦਾਲਤ ਦੇ ਹੁਕਮਾਂ ਮੁਤਾਬਕ ਤੈਅ ਕਰਨੀ ਚਾਹੀਦੀ ਹੈ। ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ‘ਮੁਸਲਿਮ ਔਰਤਾਂ ਤੀਹਰੇ ਤਲਾਕ ਵਾਂਗ ਬੁਰਕੇ ਤੋਂ ਵੀ ਮੁਕਤ ਹੋਣਗੀਆਂ। ਉਹ ਸਮਾਂ ਆਏਗਾ ਜਦ ਉਨ੍ਹਾਂ ਨੂੰ ਇਸ ਤੋਂ ਆਜ਼ਾਦੀ ਮਿਲੇਗੀ। ਕਈ ਮੁਸਲਿਮ ਮੁਲਕ ਹਨ ਜਿੱਥੇ ਬੁਰਕੇ ਉਤੇ ਪਾਬੰਦੀ ਹੈ।’ ਹਾਲਾਂਕਿ ਆਪਣੇ ਦਾਅਵਿਆਂ ਬਾਰੇ ਉਨ੍ਹਾਂ ਖੁੱਲ੍ਹ ਕੇ ਗੱਲ ਨਹੀਂ ਕੀਤੀ। ਸ਼ੁਕਲਾ, ਜੋ ਕਿ ਯੂਪੀ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਹਨ, ਨੇ ਕਿਹਾ ਕਿ ਬੁਰਕਾ ‘ਅਣਮਨੁੱਖੀ ਤੇ ਬੁਰੀ ਪ੍ਰਥਾ ਹੈ।’ ਮੰਤਰੀ ਨੇ ਕਿਹਾ ਕਿ ਅਗਾਂਹਵਧੂ ਸੋਚ ਵਾਲੇ ਇਸ ਨੂੰ ਤਿਆਗ ਰਹੇ ਹਨ ਤੇ ਇਸ ਦੀ ਵਰਤੋਂ ਉਤੇ ਜ਼ੋਰ ਹੁਣ ਨਹੀਂ ਦੇ ਰਹੇ। ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖੇ ਆਪਣੇ ਪੱਤਰ ਵਿਚ ਮੰਤਰੀ ਨੇ ਕਿਹਾ ਕਿ ਉਸ ਦੇ ਘਰ ਦੇ ਕੋਲ ਮਸਜਿਦ ਹੈ। ਮੰਤਰੀ ਨੇ ਅੱਜ ਕਿਹਾ ਕਿ ਜਿਸ ਨੂੰ ਮੁਸ਼ਕਲ ਹੈ, ਉਹ ‘112’ ਡਾਇਲ ਕਰ ਕੇ ਪੁਲੀਸ ਨੂੰ ਦੱਸ ਸਕਦੇ ਹਨ। ਜੇ ਢੁੱਕਵਾਂ ਕਦਮ ਨਹੀਂ ਚੁੱਕਿਆ ਜਾਂਦਾ ਤਾਂ, ਉਹ ਅਗਲੀ ਕਾਰਵਾਈ ਬਾਰੇ ਤੈਅ ਕਰਨਗੇ। ਦੱਸਣਯੋਗ ਹੈ ਕਿ ਸ਼ੁਕਲਾ ਨੇ ਮੈਜਿਸਟਰੇਟ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਨਮਾਜ਼ ਦਿਨ ਵਿਚ ਪੰਜ ਵਾਰ ਅਦਾ ਕੀਤੀ ਜਾਂਦੀ ਹੈ। ਇਸ ਕਾਰਨ ਉਨ੍ਹਾਂ ਨੂੰ ਯੋਗ ਕਰਨ, ਧਿਆਨ ਲਾਉਣ ਤੇ ਪੂਜਾ ਕਰਨ ਵਿਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਸਰਕਾਰੀ ਕੰਮਾਂ ਵਿਚ ਵੀ ਵਿਘਨ ਪੈਂਦਾ ਹੈ। ਕਾਜੀਪੁਰਾ ਮਦੀਨਾ ਮਸਜਿਦ ਮੰਤਰੀ ਦੇ ਹਲਕੇ ਵਿਚ ਸਥਿਤ ਹੈ। ਸ਼ੁਕਲਾ ਨੇ ਕਿਹਾ ਸੀ ਕਿ ਮਸਜਿਦ ਦੇ ਨੇੜੇ-ਤੇੜੇ ਕਈ ਸਕੂਲ ਵੀ ਹਨ ਜਿੱਥੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। -ਪੀਟੀਆਈ