ਪੁਣੇ, 5 ਜਨਵਰੀ
‘ਅਨਾਥ ਬੱਚਿਆਂ ਦੀ ਮਾਂ’ ਵਜੋਂ ਜਾਣੀ ਜਾਂਦੀ ਉੱਘੀ ਸਮਾਜ ਸੇਵਿਕਾ ਸਿੰਧੂਤਾਈ ਸਪਕਲ (74) ਦਾ ਮੰਗਲਵਾਰ ਰਾਤ ਇਥੋਂ ਦੇ ਪ੍ਰਾਈਵੇਟ ਹਸਪਤਾਲ ’ਚ ਦੇਹਾਂਤ ਹੋ ਗਿਆ। ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਸਿੰਧੂਤਾਈ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕਬਰਿਸਤਾਨ ’ਚ ਦਫ਼ਨਾਇਆ ਗਿਆ। ਇਸ ਮੌਕੇ ਕਈ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਨੂੰ 750 ਤੋਂ ਜ਼ਿਆਦਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਸਨਮਾਨਾਂ ਰਾਹੀਂ ਮਿਲਿਆ ਪੈਸਾ ੳਨ੍ਹਾਂ ਅਨਾਥਾਂ ਲਈ ਬਸੇਰਾ ਬਣਾਉਣ ’ਤੇ ਖ਼ਰਚਿਆ ਗਿਆ। ਸਿੰਧੂਤਾਈ ਅਤਿ ਦੀ ਗਰੀਬੀ ’ਚ ਪੈਦਾ ਹੋਈ ਸੀ ਅਤੇ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਮਾਜ ਸੇਵਿਕਾ ਸਿੰਧੂਤਾਈ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਬੱਚਿਆਂ ਅਤੇ ਆਦਿਵਾਸੀ ਭਾਈਚਾਰੇ ਦੇ ਹੱਕਾਂ ਲਈ ਕੰਮ ਕਰਨ ਵਾਸਤੇ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। -ਪੀਟੀਆਈ