ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੂਨ
ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ ’ਤੇ ਚਾਂਦਨੀ ਚੌਕ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਪ੍ਰਦੇਸ਼ ਦਫਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਦੀ ਮਹਾਸ਼ਕਤੀ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ ਤੇਜ਼ੀ ਨਾਲ ਉੱਭਰਦਾ ਅਰਥਚਾਰਾ ਬਣ ਗਿਆ ਹੈ। 2030 ਤੱਕ ਭਾਰਤ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਅੱਠ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਕਤੀ ਨੂੰ ਸੇਵਾ ਦਾ ਮਾਧਿਅਮ ਸਾਬਤ ਕੀਤਾ ਹੈ। ਧਾਰਾ 370 ਨੂੰ ਖਤਮ ਕਰਨਾ, ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਕਰੋਨਾ ਤੋਂ ਬਚਾਅ ਲਈ ਵਿਸ਼ਵ ਦਾ ਸਭ ਤੋਂ ਵੱਡਾ ਮੁਫਤ ਟੀਕਾਕਰਨ ਪ੍ਰੋਗਰਾਮ, ਅਫ਼ਗ਼ਾਨਿਸਤਾਨ ਅਤੇ ਯੂਕਰੇਨ ਤੋਂ ਦੇਸ਼ ਵਾਸੀਆਂ ਦੀ ਸੁਰੱਖਿਅਤ ਵਾਪਸੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਨੂੰ ਘਰ ਅਜਿਹੀਆਂ ਕਈ ਪ੍ਰਾਪਤੀਆਂ ਹਨ, ਜੋ ਭਾਜਪਾ ਸਰਕਾਰ ਨੇ ਕੀਤੀਆਂ ਹਨ।