ਮੁੰਬਈ, 19 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੱਕਰਵਾਤੀ ਤੂਫ਼ਾਨ ਤਾਊਤੇ ਤੋਂ ਪ੍ਰਭਾਵਿਤ ਗੁਜਰਾਤ, ਦਮਨ ਅਤੇ ਦੀਊ ਦਾ ਦੌਰਾ ਕਰਨ ’ਤੇ ਐੱਨਸੀਪੀ ਅਤੇ ਸ਼ਿਵ ਸੈਨਾ ਨੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਹਾਰਾਸ਼ਟਰ ਖ਼ਿਲਾਫ਼ ਵਿਤਕਰਾ ਕਰ ਰਹੇ ਹਨ ਜੋ ਚੱਕਰਵਾਤੀ ਤੂਫ਼ਾਨ ਦੀ ਮਾਰ ਹੇਠ ਆਇਆ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੂਫ਼ਾਨ ਪ੍ਰਭਾਵਿਤ ਮਹਾਰਾਸ਼ਟਰ ਦੇ ਇਲਾਕਿਆਂ ਦਾ ਹਵਾਈ ਦੌਰਾ ਨਹੀਂ ਕੀਤਾ ਕਿਉਂਕਿ ਉਹ ਜਾਣਦੇ ਹਨ ਕਿ ਸੂਬੇ ਦੀ ਅਗਵਾਈ ਮਜ਼ਬੂਤ ਮੁੱਖ ਮੰਤਰੀ ਕਰ ਰਿਹਾ ਹੈ ਜਦਕਿ ਉਨ੍ਹਾਂ ਦੇ ਗ੍ਰਹਿ ਸੂਬੇ ਗੁਜਰਾਤ ’ਚ ਕਮਜ਼ੋਰ ਮੁੱਖ ਮੰਤਰੀ ਹੈ। ਮਹਾਰਾਸ਼ਟਰ ਦੇ ਮੰਤਰੀ ਅਤੇ ਐੱਨਸੀਪੀ ਦੇ ਕੌਮੀ ਤਰਜਮਾਨ ਨਵਾਬ ਮਲਿਕ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਚੱਕਰਵਾਤੀ ਤੂਫ਼ਾਨ ਤਾਊਤੇ ਤੋਂ ਪ੍ਰਭਾਵਿਤ ਦਮਨ, ਦੀਊ ਅਤੇ ਗੁਜਰਾਤ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ‘ਉਹ ਮਹਾਰਾਸ਼ਟਰ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਿਉਂ ਨਹੀਂ ਕਰ ਰਹੇ ਹਨ? ਕੀ ਇਹ ਸਪੱਸ਼ਟ ਤੌਰ ’ਤੇ ਵਿਤਕਰਾ ਨਹੀਂ ਹੈ?’ ਉਧਰ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮਹਾਰਾਸ਼ਟਰ ’ਚ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇਖਣ ਨਹੀਂ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸੂਬੇ ਦੀ ਅਗਵਾਈ ਊਧਵ ਠਾਕਰੇ ਵਰਗੇ ਯੋਗ ਅਤੇ ਮਜ਼ਬੂਤ ਆਗੂ ਦੇ ਹੱਥਾਂ ’ਚ ਹੈ ਜੋ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਸਿੱਝਣ ਦੇ ਸਮਰੱਥ ਹੈ। ਉਨ੍ਹਾਂ ਤਨਜ਼ ਕੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਗੁਜਰਾਤ ਦਾ ਦੌਰਾ ਕਰਨ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਥੇ ਕਮਜ਼ੋਰ ਸਰਕਾਰ ਹੈ ਅਤੇ ਤੂਫ਼ਾਨ ਨੇ ਸਭ ਤੋਂ ਵਧੇਰੇ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਵੈਸੇ ਚੱਕਰਵਾਤੀ ਤੂਫ਼ਾਨ ਨੇ ਮਹਾਰਾਸ਼ਟਰ ਅਤੇ ਗੋਆ ’ਚ ਵੀ ਕਹਿਰ ਢਾਹਿਆ ਹੈ। -ਪੀਟੀਆਈ