ਨਵੀਂ ਦਿੱਲੀ: ਹਰਿਆਣਾ ਦੇ ਸੋਨੀਪਤ ਸਥਿਤ ਅਸ਼ੋਕਾ ਯੂਨੀਵਰਸਿਟੀ ਨੇ ਐਤਵਾਰ ਨੂੰ ਸੰਸਥਾਗਤ ਪ੍ਰਕਿਰਿਆਵਾਂ ਵਿੱਚ ਖਾਮੀਆਂ ਨੂੰ ਸਵੀਕਾਰਦਿਆਂ ਸਿਆਸੀ ਟਿੱਪਣੀਕਾਰ ਪ੍ਰਤਾਪ ਭਾਨੂ ਮਹਿਤਾ ਅਤੇ ਉੱਘੇ ਅਰਥ ਸ਼ਾਸਤਰੀ ਅਰਵਿੰਦ ਸੁਬਰਾਮਣੀਅਨ ਵੱਲੋਂ ਫੈਕਲਟੀ ਤੋਂ ਅਸਤੀਫ਼ੇ ਦੇਣ ’ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਇਸ ਦੌਰਾਨ ਪ੍ਰੋਫੈਸਰ ਮਹਿਤਾ ਨੇ ਵਿਦਿਆਰਥੀਆਂ ਨੂੰ ਪੱਤਰ ਵਿੱਚ ਉਨ੍ਹਾਂ ਦੀ ਵਾਪਸੀ ’ਤੇ ਜ਼ਿੱਦ ਨਾ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਬਣੇ ਹਾਲਾਤ ਨੇੜ ਭਵਿੱਖ ਵਿੱਚ ਬਦਲਣ ਵਾਲੇ ਨਹੀਂ ਹਨ। ਸ੍ਰੀ ਮਹਿਤਾ ਅਤੇ ਸੁਬਰਾਮਣੀਅਨ ਵੱਲੋਂ ਅਸਤੀਫ਼ੇ ਦਿੱਤੇ ਜਾਣ ਨਾਲ ਅਸ਼ੋਕਾ ਯੂਨੀਵਰਸਿਟੀ ਵਿਵਾਦਾਂ ’ਚ ਘਿਰ ਗਈ ਹੈ। ਯੂਨੀਵਰਸਿਟੀ ਨੇ ਬਿਆਨ ’ਚ ਕਿਹਾ ਕਿ ਉਹ ਸੰਸਥਾਗਤ ਪ੍ਰਕਿਰਿਆਵਾਂ ’ਚ ਕੁਝ ਖਾਮੀਆਂ ਨੂੰ ਮੰਨਦੇ ਹਨ ਅਤੇ ਉਹ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਖਾਮੀਆਂ ’ਚ ਸੁਧਾਰ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਅਸ਼ੋਕਾ ਯੂਨੀਵਰਸਿਟੀ ਅਕਾਦਮਿਕ ਖੁਦਮੁਖਤਿਆਰੀ ਅਤੇ ਆਜ਼ਾਦੀ ਪ੍ਰਤੀ ਵਚਨਬੱਧ ਹੈ। ਉਨ੍ਹਾਂ ਪ੍ਰਤਾਪ ਭਾਨੂ ਮਹਿਤਾ ਵੱਲੋਂ ਪਹਿਲਾਂ ਵਾਈਸ ਚਾਂਸਲਰ ਅਤੇ ਫਿਰ ਸੀਨੀਅਰ ਫੈਕਲਟੀ ਵਜੋਂ ਨਿਭਾਏ ਗਏ ਰੋਲ ’ਤੇ ਮਾਣ ਮਹਿਸੂਸ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸ੍ਰੀ ਸੁਬਰਾਮਣੀਅਨ ਵੱਲੋਂ ਯੂਨੀਵਰਸਿਟੀ ਛੱਡਣ ਦੇ ਫ਼ੈਸਲੇ ਨਾਲ ਖਲਾਅ ਪੈਦਾ ਹੋ ਗਿਆ ਹੈ ਜੋ ਭਰਨਾ ਮੁਸ਼ਕਲ ਹੈ। ਇਹ ਬਿਆਨ ਯੂਨੀਵਰਸਿਟੀ ਚਾਂਸਲਰ, ਵਾਈਸ ਚਾਂਸਲਰ ਅਤੇ ਬੋਰਡ ਆਫ਼ ਟਰੱਸਟੀਜ਼ ਦੇ ਚੇਅਰਮੈਨ ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ ਹੈ। -ਪੀਟੀਆਈ