ਕੋਲਕਾਤਾ, 4 ਅਕਤੂਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸਾਨਾਂ ਦੀ ਮੌਤ ਲਈ ਕੇਂਦਰ ਅਤੇ ਯੂਪੀ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਹੈ ਕਿ ਦੇਸ਼ ’ਚ ਤਾਨਾਸ਼ਾਹੀ ਜਦਕਿ ਯੂਪੀ ’ਚ ‘ਕਿਲਿੰਗ ਰਾਜ’ ਚੱਲ ਰਿਹਾ ਹੈ।
ਵਿਧਾਨ ਸਭਾ ਚੋਣ ਜਿੱਤਣ ਦੇ ਇਕ ਦਿਨ ਬਾਅਦ ਭਵਾਨੀਪੁਰ ਦੇ ਗੁਰਦੁਆਰੇ ’ਚ ਮੱਥਾ ਟੇਕਣ ਪੁੱਜੀ ਮਮਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ’ਚ ਲੋਕਤੰਤਰ ਨਹੀਂ ਸਗੋਂ ਤਾਨਾਸ਼ਾਹੀ ਚੱਲ ਰਹੀ ਹੈ। ‘ਕਿਸਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਸੱਚਾਈ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ। ਇਸੇ ਕਰਕੇ ਉਨ੍ਹਾਂ ਦਫ਼ਾ 144 ਲਾਈ ਹੈ। ਆਉਣ ਵਾਲੇ ਦਿਨਾਂ ’ਚ ਲੋਕ ਉਨ੍ਹਾਂ (ਭਾਜਪਾ ਆਗੂਆਂ ਅਤੇ ਸਰਕਾਰਾਂ) ’ਤੇ ਦਫ਼ਾ 144 ਲਾ ਦੇਣਗੇ। ਉਹ ਸਥਾਨਕ ਲੋਕਾਂ ਨੂੰ ਮਿਲਣ ਜਾ ਰਹੇ ਵਫ਼ਦਾਂ ਨੂੰ ਰੋਕ ਰਹੇ ਹਨ।’ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਦੀ ਮੰਗ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਮ ਰਾਜ ਦਾ ਵਾਅਦਾ ਕੀਤਾ ਸੀ ਪਰ ਉਸ ਦੀ ਬਜਾਏ ‘ਕਿਲਿੰਗ ਰਾਜ’ ਚੱਲ ਰਿਹਾ ਹੈ। -ਪੀਟੀਆਈ