ਨਵੀਂ ਦਿੱਲੀ: ਸੂਚਨਾ ਅਤੇ ਸੰਚਾਰ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਹੈ ਕਿ ਗੋਆ ਵਿੱਚ 20 ਤੋਂ 28 ਨਵੰਬਰ ਤੱਕ ਹੋਣ ਵਾਲਾ ਭਾਰਤ ਦਾ 51ਵਾਂ ਕੌਮਾਂਤਰੀ ਫ਼ਿਲਮ ਫੈਸਟੀਵਲ (ਆਈਐੱਫਐੱਫਆਈ) ਹੁਣ ਅਗਲੇ ਵਰ੍ਹੇ 2021 ਵਿੱਚ 16 ਤੋਂ 24 ਜਨਵਰੀ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਇਸ ਮਾਮਲੇ ਬਾਰੇ ਚਰਚਾ ਕਰਨ ਮਗਰੋਂ ਇਸ ਫੈਸਟੀਵਲ ਨੂੰ ਹਾਲ ਦੀ ਘੜੀ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ- 19 ਕਾਰਨ ਉਪਜੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਸ੍ਰੀ ਜਾਵੜੇਕਰ ਨੇ ਕਿਹਾ,‘ਕੌਮਾਂਤਰੀ ਫ਼ਿਲਮ ਫੈਸਟੀਵਲ ਸਬੰਧੀ ਦਿਸ਼ਾ-ਨਿਰਦੇਸ਼ਾਂ ਤੇ ਪ੍ਰੋਟੋਕੋਲ ਮੁਤਾਬਕ ਸਾਲ 2021 ਵਿੱਚ 16 ਤੋਂ 24 ਜਨਵਰੀ ਤੱਕ ਗੋਆ ਵਿੱਚ ਇਹ ਫੈਸਟੀਵਲ ਕਰਵਾਉਣ ਸਬੰਧੀ ਫ਼ੈਸਲਾ ਲਿਆ ਗਿਆ ਹੈ। ਇਹ ਫੈਸਟੀਵਲ ਵਰਚੁਅਲ ਤੇ ਫਿਜ਼ੀਕਲ ਦੋਵੇਂ ਫਾਰਮੈਟ ’ਚ ਕਰਵਾਇਆ ਜਾਵੇਗਾ।’ -ਪੀਟੀਆਈ