ਨਵੀਂ ਦਿੱਲੀ: ਮਾਹਿਰਾਂ ਦੀ ਮੰਨੀਏ ਤਾਂ ਕਰੋਨਾਵਾਇਰਸ ਦਾ ‘ਭਾਰਤੀ ਸਟਰੇਨ’ ਯੂਕੇ ਵੇਰੀਐਂਟ (ਕਿਸਮ) ਵਾਂਗ ਵੱਧ ਤੇਜ਼ੀ ਨਾਲ ਫੈਲਦਾ ਹੈ, ਪਰ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਇਹ ਵਾਇਰਸ ਦੀ ਅਸਲ ਕਿਸਮ ਨਾਲੋਂ ਵਧੇਰੇ ਘਾਤਕ ਹੈ। ਡਿਜ਼ੀਜ਼ ਕੰਟਰੋਲ ਬਾਰੇ ਕੌਮੀ ਸੈਂਟਰ ਦੇ ਨਿਰਦੇਸ਼ਕ ਸੁਜੀਤ ਸਿੰਘ ਨੇ ਪਿਛਲੇ ਹਫ਼ਤੇ ਜੀਨੋਮ ਸੀਕੁਐਂਸਿੰਗ ਬਾਰੇ ਵੈੱਬਿਨਾਰ ਦੌਰਾਨ ਕਿਹਾ ਸੀ ਕਿ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਬੀ.1.617 ਕਿਸਮ 50 ਫੀਸਦੀ ਤੋਂ ਵੱਧ ਨਮੂਨਿਆਂ ਵਿੱਚ ਪਾਈ ਗਈ ਹੈ। ਇਨ੍ਹਾਂ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਕੀਤੀ ਗਈ ਸੀ। ਮਾਰਚ ਦੇ ਦੂਜੇ ਹਫ਼ਤੇ ਇਨ੍ਹਾਂ ਨਮੂਨਿਆਂ ’ਚ ਯੂਕੇ ਕਿਸਮ ਦੀ ਮੌਜੂਦਗੀ 28 ਫੀਸਦ ਸੀ। ਇੰਸਟੀਚਿਊਟ ਆਫ਼ ਜੀਨੋਮਿਕਸ ਤੇ ਇੰਟੇਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਦੇ ਨਿਰਦੇਸ਼ਕ ਅਨੁਰਾਗ ਅਗਰਵਾਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਜਿੱਥੋਂ ਤੱਕ ਸਾਨੂੰ ਪਤਾ ਹੈ ਯੂਕੇ ਵੇਰੀਐਂਟ ਜਾਂ ਬੀ.1.617 ਕਿਸਮ ਲੋਕਾਂ ਦੇ ਵੱਧ ਬਿਮਾਰ ਹੋਣ ਜਾਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਹਨ। ਯੂਕੇ ਸਟਰੇਨ ਵੱਧ ਤੇਜ਼ੀ ਨਾਲ ਫੈਲਦਾ ਜ਼ਰੂਰ ਹੈ ਤੇ ਬੀ.1.617 ਵੀ ਇਕ ਤੋਂ ਦੂਜੇ ’ਚ ਸੰਚਾਰ ਦੀ ਰਫ਼ਤਾਰ ਵੀ ਵੱਧ ਹੋ ਸਕਦੀ ਹੈ, ਪਰ ਇਹ ਗੱਲ ਕਿਤੇ ਸਾਬਤ ਨਹੀਂ ਹੋਈ। -ਪੀਟੀਆਈ