ਸੰਭਲ (ਯੂਪੀ), 3 ਸਤੰਬਰ
ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫ਼ੀਕਉਰ ਰਹਿਮਾਨ ਬਾਰਕ(91), ਜਿਨ੍ਹਾਂ ਖ਼ਿਲਾਫ਼ ਤਾਲਿਬਾਨ ਨੂੰ ਲੈ ਕੇ ਦਿੱਤੇ ਬਿਆਨ ਲਈ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ, ਨੇ ਹੁਣ ਭਾਰਤ ਸਰਕਾਰ ਵੱਲੋਂ ਦੋਹਾ ਵਿੱਚ ਤਾਲਿਬਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੇ ਅਮਲ ’ਤੇ ਉਜਰ ਜਤਾਇਆ ਹੈ। ਬਾਰਕ ਨੇ ਕਿਹਾ, ‘‘ਮੈਂ ਤਾਲਿਬਾਨ ਬਾਰੇ ਇਕ ਛੋਟਾ ਜਿਹਾ ਬਿਆਨ ਦਿੱਤਾ ਸੀ। ਤੇ ਮੈਨੂੰ ਅਪਰਾਧੀ ਤੇ ਗੱਦਾਰ ਐਲਾਨਦਿਆਂ ਉਨ੍ਹਾਂ ਮੇਰੇ ਖ਼ਿਲਾਫ਼ ਦੇਸ਼ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਹੁਣ ਸਰਕਾਰ ਖ਼ੁਦ ਦੋਹਾ ਵਿੱਚ ਤਾਲਿਬਾਨ ਨਾਲ ਸੰਵਾਦ ਕਰ ਰਹੀ ਹੈ। ਹੁਣ ਅਜਿਹਾ ਕੀ ਹੋਇਆ ਹੈ?’’ ਦੱਸਣਾ ਬਣਦਾ ਹੈ ਕਿ ਬਾਰਕ ਨੇ ਕਥਿਤ ਦਾਅਵਾ ਕੀਤਾ ਸੀ ਤਾਲਿਬਾਨ ‘ਅਫ਼ਗਾਨ ਲੋਕਾਂ ਦੀ ਆਜ਼ਾਦੀ ਲਈ ਲੜ ਰਹੇ ਹਨ। ਭਾਰਤ ਨੇ ਆਪਣੀ ਆਜ਼ਾਦੀ ਲਈ ਲੜਾਈ ਲੜੀ ਸੀ।’’ ਬਾਰਕ ਖ਼ਿਲਾਫ਼ ਭਾਜਪਾ ਆਗੂ ਦੀ ਸ਼ਿਕਾਇਤ ’ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਬਾਰਕ ਨੇ ਪੱਤਰਕਾਰ ਮਿਲਣੀ ਦੌਰਾਨ ਤਾਲਿਬਾਨ ਵੱਲੋਂ ਵਿੱਢੀ ਲੜਾਈ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਨਾਲ ਮੇਲਿਆ। ਉਧਰ ਸੰਭਲ ਦੇ ਐੱਸਪੀ ਚਕਰੇਸ਼ ਮਿਸ਼ਰਾ ਨੇ ਕਿਹਾ, ‘‘ਭਾਰਤ ਸਰਕਾਰ ਨੇ ਤਾਲਿਬਾਨ ਨੂੰ ਦਹਿਸ਼ਤੀ ਜਥੇਬੰਦੀ ਐਲਾਨਿਆ ਹੋਇਆ ਹੈ ਤੇ ਜਥੇਬੰਦੀ ਦੀ ਤਾਰੀਫ਼ ਕਰਨੀ ਜਾਂ ਇਸ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣਾ ਦੇਸ਼ਧ੍ਰੋਹ ਹੈ।’’ -ਆਈਏਐੱਨਐੱਸ