ਹੈਦਰਾਬਾਦ, 17 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿਲੰਗਾਨਾ ’ਚ ਹਾਕਮ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤਿਲੰਗਾਨਾ ’ਚ ਵੋਟ ਬੈਂਕ ਦੀ ਰਾਜਨੀਤੀ ਕਾਰਨ ‘ਹੈਦਰਾਬਾਦ ਮੁਕਤੀ ਦਿਵਸ’ ਅਜੇ ਤੱਕ ਅਧਿਕਾਰਤ ਤੌਰ ’ਤੇ ਨਹੀਂ ਮਨਾਇਆ ਗਿਆ ਜਦਕਿ ਕੁਝ ਆਗੂਆਂ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ ਸੀ। ਉਹ ਇੱਥੇ ਹੈਦਰਾਬਾਦ ਮੁਕਤੀ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ਼ਾਹ ਨੇ ਕਿਹਾ, ‘ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਸਰਕਾਰ ਦੀ ਭਾਈਵਾਲੀ ਨਾਲ ‘ਹੈਦਰਾਬਾਦ ਮੁਕਤੀ ਦਿਵਸ’ ਮਨਾਇਆ ਜਾਵੇ ਪਰ ਇਹ ਦੁੱਖ ਦੀ ਗੱਲ ਹੈ ਕਿ 75 ਸਾਲ ਬੀਤ ਗਏ ਪਰ ਸੱਤਾ ਸੰਭਾਲਣ ਵਾਲੇ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ‘ਹੈਦਰਾਬਾਦ ਮੁਕਤੀ ਦਿਵਸ’ ਮਨਾਉਣ ਦਾ ਹੌਸਲਾ ਨਾ ਕਰ ਸਕੇ।’ ਉਨ੍ਹਾਂ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦਾ ਸਪੱਸ਼ਟ ਢੰਗ ਨਾਲ ਜ਼ਿਕਰ ਕਰਦਿਆਂ ਕਿਹਾ, ‘ਕਈ ਲੋਕਾਂ ਨੇ ਚੋਣਾਂ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਮੁਕਤੀ ਦਿਵਸ ਮਨਾਉਣ ਦਾ ਵਾਅਦਾ ਕੀਤਾ ਪਰ ਜਦੋਂ ਉਹ ਸੱਤਾ ’ਚ ਆਏ ਤਾਂ ਰਜ਼ਾਕਾਰਾਂ (ਨਿਜ਼ਾਮ ਸ਼ਾਸਨ ਦੇ ਹਥਿਆਰਬੰਦ ਹਮਾਇਤੀਆਂ) ਦੇ ਡਰੋਂ ਆਪਣੇ ਵਾਅਦਿਆਂ ਤੋਂ ਮੁੱਕਰ ਗਏ।’ -ਪੀਟੀਆਈ
ਦੇਸ਼ ’ਚ ਨਫਰਤ ਫੈਲਾ ਰਹੀਆਂ ਨੇ ਫਿਰਕੂ ਤਾਕਤਾਂ: ਕੇਸੀਆਰ
ਹੈਦਰਾਬਾਦ: ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਦੋਸ਼ ਲਾਇਆ ਕਿ ਦੇਸ਼ ਤੇ ਤਿਲੰਗਾਨਾ ’ਚ ਫਿਰਕੂ ਤਾਕਤਾਂ ਸਮਾਜ ਨੂੰ ਵੰਡਣ ਤੇ ਲੋਕਾਂ ’ਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਇੱਥੇ ਤਿਲੰਗਾਨਾ ਕੌਮੀ ਏਕਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਧਾਰਮਿਕ ਕੱਟੜਤਾ ਵੱਧਦੀ ਹੈ ਤਾਂ ਇਹ ਦੇਸ਼ ਨੂੰ ਤਬਾਹ ਕਰ ਦੇਵੇਗੀ ਤੇ ਇਸ ਕਾਰਨ ਮਨੁੱਖੀ ਰਿਸ਼ਤਿਆਂ ’ਚ ਗਿਰਾਵਟ ਆਵੇਗੀ। ਰਾਓ ਨੇ ਕਿਹਾ ਕਿ ਧਾਰਮਿਕ ਕੱਟੜਤਾ ਸਿਖਰ ’ਤੇ ਹੈ। ਉਨ੍ਹਾਂ ਕਿਹਾ, ‘ਉਹ ਆਪਣੇ ਸੌੜੇ ਹਿੱਤਾਂ ਲਈ ਸਮਾਜਿਕ ਸਬੰਧਾਂ ’ਚ ਕੰਡੇ ਬੀਜਦੇ ਹਨ।’ -ਪੀਟੀਆਈ
ਸ਼ਾਹ ਦਾ ਕਾਫਲਾ ਰੋਕਣ ਵਾਲੇ ਟੀਆਰਐੱਸ ਆਗੂ ਦੀ ਕਾਰ ਭੰਨੀ
ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇੱਥੇ ਕਾਫਲੇ ਦਾ ਰਾਹ ਰੋਕਣ ਵਾਲੇ ਇੱਕ ਟੀਆਰਐੱਸ ਆਗੂ ਦੀ ਕਾਰ ਕਥਿਤ ਤੌਰ ’ਤੇ ਸੁਰੱਖਿਆ ਕਰਮੀਆਂ ਵੱਲੋਂ ਭੰਨ ਦਿੱਤੀ ਗਈ। ਇਸ ਘਟਨਾ ਨੂੰ ਸੁਰੱਖਿਆ ’ਚ ਸੰਨ੍ਹ ਵਜੋਂ ਦੇਖਿਆ ਜਾ ਰਿਹਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੇਂਦਰੀ ਮੰਤਰੀ ਸਿਕੰਦਰਾਬਾਦ ਦੇ ਪਰੇਡ ਗਰਾਊਂਡ ’ਚ ਹੈਦਰਾਬਾਦ ਮੁਕਤੀ ਦਿਵਸ ਸਬੰਧੀ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਹੋਟਲ ਵਾਪਸ ਜਾ ਰਹੇ ਸਨ। ਇਹ ਕਾਰ ਟੀਆਰਐੱਸ ਆਗੂ ਗੋਸੁਲਾ ਸ੍ਰੀਨਿਵਾਸ ਯਾਦਵ ਚਲਾ ਰਿਹਾ ਸੀ। ਇਸ ਕਾਰ ਨੂੰ ਕਥਿਤ ਤੌਰ ’ਤੇ ਸੁਰੱਖਿਆ ਕਰਮੀਆਂ ਵੱਲੋਂ ਭੰਨ ਦਿੱਤਾ ਗਿਆ। -ਆਈਏਐੱਨਐੱਸ