ਨਵੀਂ ਦਿੱਲੀ, 20 ਜੂਨ
ਹਰਿਆਣਾ ਦੇ ਮੇਵਾਤ, ਯੂਪੀ ਦੇ ਲੋਨੀ ਅਤੇ ਕੁਝ ਹੋਰ ਥਾਵਾਂ ’ਤੇ ਹਜੂਮੀ ਹਿੰਸਾ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਜਮਾਇਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਨੇ ਅੱਜ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਨਫ਼ਰਤ ਦੇ ਕੇਸਾਂ ’ਚ ਅਚਾਨਕ ਵਾਧਾ ਹੋ ਜਾਂਦਾ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ,‘‘ਕੁਝ ਖਾਸ ਵਿਚਾਰਧਾਰਾ ਦੇ ਲੋਕ ਧਰਮ ਦੇ ਆਧਾਰ ’ਤੇ ਨਿਹੱਥੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਥੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਦਾੜ੍ਹੀਆਂ ਕੱਟੀਆਂ ਜਾ ਰਹੀਆਂ ਹਨ। ਇਹ ਮੰਦਭਾਗੀ ਗੱਲ ਹੈ ਕਿ ਸ਼ਰਾਰਤੀ ਅਨਸਰ ਧਰਮ ਦੇ ਨਾਮ ’ਤੇ ਨਫ਼ਰਤ ਫੈਲਾਉਣਾ ਚਾਹੁੰਦੇ ਹਨ।’’ ਮੌਲਾਨਾ ਮਦਨੀ ਨੇ ਕਿਹਾ ਕਿ ਆਮ ਰਾਏ ਅਤੇ ਰੁਝਾਨ ਹੈ ਕਿ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਅਚਾਨਕ ਹੀ ਸਮਾਜ ਦਾ ਖਾਸ ਧੜਾ ਵੱਖਵਾਦ ਅਤੇ ਧਾਰਮਿਕ ਨਫ਼ਰਤ ਦੇ ਆਧਾਰ ’ਤੇ ਭਾਵਨਾਵਾਂ ਭੜਕਾਉਣਾ ਸ਼ੁਰੂ ਕਰ ਦਿੰਦਾ ਹੈ।