ਨਵੀਂ ਦਿੱਲੀ, 31 ਅਕਤੂਬਰ
‘ਗੂੰਗਾ ਪਹਿਲਵਾਨ’ ਦੇ ਨਾਮ ਨਾਲ ਮਸ਼ਹੂਰ ਵਰਿੰਦਰ ਸਿੰਘ ਨੇ ਭਾਰਤ ਦੇ ਸਰਬਉੱਚ ਖੇਡ ਸਨਮਾਨ ‘ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ’ ’ਤੇ ਇਕ ਵਾਰ ਫਿਰ ਆਪਣਾ ਦਾਅਵਾ ਜਤਾਇਆ ਹੈ। ਵਰਿੰਦਰ ਨੇ ਕਿਹਾ ਕਿ ਡੈਫਲੰਪਿਕਸ ਵਿੱਚ ਉਨ੍ਹਾਂ ਦੇਸ਼ ਲਈ ਪੰਜ ਤਗਮਿਆਂ ਸਮੇਤ ਵੱਖ-ਵੱਖ ਵੱਕਾਰੀ ਮੁਕਾਬਲੇ ਜਿੱਤੇ ਹਨ, ਇਸ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਨੂੰ ਇਸ ਐਵਾਰਡ ਦੇ ਯੋਗ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ, ‘‘ਮੈਂ ਪਿਛਲੇ ਸਾਲਾਂ ਵਿੱਚ ਡੈਫਲੰਪਿਕ ਵਿੱਚ ਭਾਰਤ ਲਈ ਪੰਜ ਤਗਮੇ ਜਿੱਤ ਚੁੱਕਾ ਹਾਂ, ਜਿਨ੍ਹਾਂ ਵਿੱਚ ਤਿੰਨ ਸੋਨ ਤਗਮੇ ਵੀ ਸ਼ਾਮਲ ਹਨ। ਇਸੇ ਤਰ੍ਹਾਂ ਮੈਂ ਗੂੰਗੇ-ਬੋਲੇ ਪਹਿਲਵਾਨਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਸੋਨ ਤਗਮੇ ਸਮੇਤ ਤਿੰਨ ਤਗਮੇ ਜਿੱਤੇ ਹਨ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹਾਲੇ ਤੱਕ ਖੇਡ ਰਤਨ ਪੁਰਸਕਾਰ ਕਿਉਂ ਨਹੀਂ ਦਿੱਤਾ ਗਿਆ?’’ -ਪੀਟੀਆਈ