ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਾਰਚ
ਬੀਕੇਯੂ ਏਕਤਾ ਉਗਰਾਹਾਂ ਦੇ ਕਿਸਾਨ ਆਗੂਆਂ ਹਰਜਿੰਦਰ ਸਿੰਘ ਬੱਗੀ ਤੇ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ 1967 ਵਿੱਚ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਲਈ ਧੱਕੇ ਨਾਲ ਲਾਗੂ ਕੀਤੀ ‘ਹਰੀ ਕ੍ਰਾਂਤੀ’ ਨੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਸਨ। ਉਦੋਂ ਵੀ ਕਿਸਾਨਾਂ ਨੇ ਸਰਕਾਰਾਂ ਵੱਲੋਂ ਫ਼ਸਲਾਂ ਦੇ ਵਧੇਰੇ ਝਾੜ ਲਈ ਲਿਆਂਦੀਆਂ ਰਸਾਇਣਕ ਖਾਦਾਂ ਅਤੇ ਵੱਡੀ ਮਸ਼ੀਨਰੀ ਦਾ ਵਿਰੋਧ ਕੀਤਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰ ਦੀਆਂ ਚਾਲਾਂ ਸਮਝ ਆ ਚੁੱਕੀਆਂ ਹਨ ਤੇ ਉਹ ਹੁਣ ਲੰਮੇ ਤੇ ਦ੍ਰਿੜ੍ਹ ਸੰਘਰਸ਼ਾਂ ਰਾਹੀਂ ਆਪਣੀ ਜ਼ਿੰਦਗੀ ਤੇ ਜ਼ਮੀਨਾਂ ਬਚਾਉਣ ਦੀ ਲੜਾਈ ਨੂੰ ਜਿੱਤ ਕੇ ਹੀ ਵਾਪਸ ਮੁੜਨਗੇ। ਆਗੂਆਂ ਨੇ ਕਿਹਾ ਕਿ ਹਰੇ ਇਨਕਲਾਬ ਦੇ ਨਾਂ ਹੇਠ ਬੀਜਾਂ, ਤੇਲ, ਮਸ਼ੀਨਰੀ, ਖਾਦਾਂ ਆਦਿ ਵੇਚਣ ਵਾਲੀਆਂ ਕੰਪਨੀਆਂ ਤਾਂ ਮਾਲੋਮਾਲ ਹੋ ਗਈਆਂ, ਪਰ ਫ਼ਸਲਾਂ ਦਾ ਝਾੜ ਵਧਣ ਦੇ ਬਾਵਜੂਦ ਕਿਸਾਨਾਂ, ਮਜ਼ਦੂਰਾਂ ਸਿਰ ਗਲ਼-ਗਲ਼ ਤਕ ਕਰਜ਼ੇ ਚੜ੍ਹ ਗਏ। ਕਰਜ਼ੇ ’ਚ ਜ਼ਮੀਨਾਂ ਵਿਕਣ ਕਾਰਨ ਬਹੁਤੇ ਕਿਸਾਨ ਬੇਜ਼ਮੀਨੇ ਹੋ ਗਏ। ਰਸਾਇਣਕ ਖਾਦਾਂ ਤੇ ਸਪਰੇਆਂ ਦੀ ਵਰਤੋਂ ਨੇ ਵਾਤਾਵਰਨ ਖ਼ਰਾਬ ਕਰ ਦਿੱਤਾ, ਸਿੱਟੇ ਵਜੋਂ ਘਰ ਘਰ ਬਿਮਾਰੀਆਂ ਦੇ ਢੇਰ ਲੱਗ ਗਏ। ਪਿੰਡਾਂ ਵਿੱਚ ਸਮਾਜਿਕ ਸਾਂਝ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਧੱਕੇ ਨਾਲ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਨ ਜਾ ਰਹੇ ਹਨ, ਜੋ ਕਿਰਤੀ ਲੋਕਾਂ ਦੇ ਮੌਤ ਦੇ ਵਾਰੰਟ ਹਨ।