ਸਿਵਸਾਗਰ (ਅਸਾਮ), 16 ਜੁਲਾਈ
ਤ੍ਰਿਣਮੂਲ ਕਾਂਗਰਸ ਦੀ ਐੱਮਪੀ ਮਹੂਆ ਮੋਇਤਰਾ ਖ਼ਿਲਾਫ਼ ਇੱਕ ਟਵੀਟ ਦੇ ਸਬੰਧ ’ਚ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਇਸ ਟਵੀਟ ’ਚ ਜਿਣਸੀ ਸ਼ੋਸ਼ਣ ਸ਼ਬਦਾਂ ਲਈ ਬਦਲ ਵਜੋਂ ਕਥਿਤ ਤੌਰ ’ਤੇ ਇੱਕ ਅਸਾਮੀ ਉਪ ਨਾਮ ਦੀ ਵਰਤੋਂ ਕੀਤੀ ਗਈ ਹੈ। ਜੈਤੀਆ ਸੰਗਰਾਮੀ ਸੈਨਾ ਨਾਮੀਂ ਸੰਸਥਾ ਨੇ ਮੋਇਤਰਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸੰਸਥਾ ਦਾ ਦੋਸ਼ ਹੈ ਕਿ ਮੋਇਤਰਾ ਨੇ ਆਪਣੇ ਟਵੀਟ ਨਾਲ ਸਮੁੱਚੇ ਅਸਾਮੀ ਭਾਈਚਾਰੇ ਦਾ ਨਿਰਾਦਰ ਕੀਤਾ ਹੈ ਤੇ ਉਸ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਦਰਅਸਲ, ਮੋਇਤਰਾ ਨੇ ਗੈਰ-ਸੰਸਦੀ ਸ਼ਬਦਾਂ ਦੀ ਇੱਕ ਸੂਚੀ ਦੇ ਸੰਦਰਭ ਵਿੱਚ ਕਥਿਤ ਤੌਰ ’ਤੇ ਟਵੀਟ ਕੀਤਾ ਸੀ, ਜਿਸ ਦੌਰਾਨ ਉਸਨੇ ਲਿਖਿਆ ਸੀ- ‘ਪਾਬੰਦੀਸ਼ੁਦਾ ਸ਼ਬਦ- ਜਿਣਸੀ ਸ਼ੋਸ਼ਣ, ਜਿਸ ਲਈ ਬਦਲ ਵਜੋਂ ‘ਸ੍ਰੀਮਾਨ ਗੋਗੋਈ’ ਸ਼ਬਦ ਦੀ ਵਰਤੋਂ ਕਰ ਲਈ ਜਾਣੀ ਚਾਹੀਦੀ ਹੈ। ਇਸ ਟਵੀਟ ਦੀ ਅਸਾਮ ਵਾਸੀਆਂ ਵੱਲੋਂ ਵੱਡੇ ਪੱਧਰ ’ਤੇ ਨਿਖੇਧੀ ਹੋਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ‘ਗੋਗੋਈ’ ਸ਼ਬਦ ਅਸਾਮੀ ਲੋਕਾਂ ਦੇ ਇੱਕ ਵੱਡੇ ਸਮੂਹ ਦਾ ਉਪ ਨਾਂ ਹੈ ਤੇ ਇੰਜ ਇਸ ਟਵੀਟ ਰਾਹੀਂ ਸਮੁੱਚੇ ਭਾਈਚਾਰੇ ਦਾ ਨਿਰਾਦਰ ਕੀਤਾ ਗਿਆ ਹੈ। ਦੂਜੇ ਪਾਸੇ, ਕੋਲਕਾਤਾ ਵਿੱਚ ਪੱਛਮੀ ਬੰਗਾਲ ਭਾਜਪਾ ਦੇ ਮਹਿਲਾ ਵਿੰਗ ਨੇ ਬੋਅਬਾਜ਼ਾਰ ਪੁਲੀਸ ਸਟੇਸ਼ਨ ਸਾਹਮਣੇ ਧਰਨਾ ਦਿੰਦਿਆਂ ਕਾਲੀ ਮਾਤਾ ਬਾਰੇ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਦਿੱਤੇ ਕਥਿਤ ਇਤਰਾਜ਼ਯੋਗ ਬਿਆਨ ਲਈ ਉਸਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। -ਪੀਟੀਆਈ