ਨਵੀਂ ਦਿੱਲੀ, 26 ਦਸੰਬਰ
ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲਾਊਡਸਪੀਕਰਾਂ, ਸੋਸ਼ਲ ਮੀਡੀਆ ਅਤੇ ਪਰਚਿਆਂ ਦੀ ਵਰਤੋਂ ਮਗਰੋਂ ਹੁਣ ਸਿੰਘੂ ਬਾਰਡਰ ’ਤੇ ਕੁਝ ਨੌਜਵਾਨਾਂ ਨੇ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਦਾ ਨਵਾਂ ਰਾਹ ਲੱਭ ਲਿਆ ਹੈ। ਇਹ ਨੌਜਵਾਨ ਨਾਅਰੇ ਲਿਖੀਆਂ ਪਤੰਗਾਂ ਉਡਾ ਰਹੇ ਹਨ। ਇਨ੍ਹਾਂ ਪਤੰਗਾਂ ’ਤੇ ‘ਨੋ ਫਾਰਮਰ, ਨੋ ਫੂਡ’, ‘ਵੁਈ ਆਰ ਫਾਰਮਰਜ਼, ਨੌਟ ਟੈਰਾਰਿਸਟ’ ਆਦਿ ਨਾਅਰੇ ਲਿਖੇ ਹੋਏ ਹਨ। ਨੌਜਵਾਨ ਸੁਰਦੀਪ ਸਿੰਘ ਨੇ ਕਿਹਾ ਕਿ ਪਤੰਗਾਂ ਉੱਡ ਕੇ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰਿਹਾਇਸ਼ਾਂ ’ਤੇ ਡਿੱਗ ਪੈਣ ਜਿਨ੍ਹਾਂ ’ਤੇ ਲਿਖੇ ਸੁਨੇਹੇ ਪੜ੍ਹ ਕੇ ਉਨ੍ਹਾਂ ਨੂੰ ਕੁਝ ਸੋਝੀ ਆਵੇ। ਅੰਮ੍ਰਿਤਸਰ ਦਾ ਸੁਰਦੀਪ ਸਿੰਘ ਆਪਣੇ ਚਚੇਰੇ ਭਰਾਵਾਂ ਅਤੇ ਦੋਸਤਾਂ ਨਾਲ ਮੋਰਚੇ ’ਤੇ ਡਟਿਆ ਹੋਇਆ ਹੈ। ਉਸ ਨੇ ਕਿਹਾ,‘‘ਬਸ ਹੁਣ ਵਾਹਿਗੁਰੂ ਇਹ ਪਤੰਗਾਂ ਉਨ੍ਹਾਂ (ਮੋਦੀ) ਦੇ ਘਰ ਲੈਂਡ ਕਰਵਾ ਦੇਣ।’’ ਨੌਜਵਾਨਾਂ ਨੇ ਕਿਹਾ ਕਿ ਉਹ ਦਿਨ ਵੇਲੇ ਪਤੰਗਾਂ ਚੜ੍ਹਾਅ ਕੇ ਸ਼ਾਮ ਨੂੰ ਡੋਰ ਕੱਟ ਦੇਣਗੇ ਤਾਂ ਜੋ ਜਿਥੇ ਵੀ ਪਤੰਗ ਡਿੱਗੇ ਤਾਂ ਕਿਸਾਨਾਂ ਦੇ ਸੰਘਰਸ਼ ਦਾ ਸੁਨੇਹਾ ਵਧੇਰੇ ਲੋਕਾਂ ਤੱਕ ਪਹੁੰਚ ਸਕੇ। ਸੁਰਦੀਪ ਸਿੰਘ ਨੂੰ ਦੇਖ ਕੇ ਹੋਰ ਕਈ ਪ੍ਰਦਰਸ਼ਨਕਾਰੀ ਵੀ ਵੱਖ ਵੱਖ ਰੰਗਾਂ ਦੀਆਂ ਪਤੰਗਾਂ ਉਡਾਉਣ ਲਈ ਜੁੜ ਗਏ। ਸਿਰਸਾ ਦੇ ਕਰਮਵੀਰ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਲੋਕਾਂ ਵੱਲੋਂ ਇਥੇ ਸ਼ਾਂਤਮਈ ਢੰਗ ਨਾਲ ਹਰ ਹਰਬਾ ਵਰਤਿਆ ਜਾ ਰਿਹਾ ਹੈ। ‘ਕੋਈ ਫੇਸਬੁੱਕ ’ਤੇ ਲਾਈਵ ਜੁੜਿਆ ਹੋਇਆ ਹੈ, ਕੁਝ ਪਰਚੇ ਵੰਡ ਰਹੇ ਹਨ ਅਤੇ ਹੁਣ ਪੰਤਗਾਂ ਨਾਲ ਸੁਨੇਹਾ ਫੈਲਾਇਆ ਜਾ ਰਿਹਾ ਹੈ।’ ਉਸ ਨੇ ਕਿਹਾ ਕਿ ਪ੍ਰਦਰਸ਼ਨ ਦਾ ਹਰ ਢੰਗ ਸਹੀ ਹੈ ਅਤੇ ਸਾਰਿਆਂ ਨੂੰ ਹਮਾਇਤ ਦੇਣੀ ਚਾਹੀਦੀ ਹੈ। -ਪੀਟੀਆਈ