ਮੁੰਬਈ:
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਭਾਜਪਾ ਵੱਲੋਂ ਬਿਹਾਰ ਲਈ ਕੀਤੇ ਮੁਫ਼ਤ ਕਰੋਨਾ ਟੀਕੇ ਦੇ ਵਾਅਦੇ ’ਤੇ ਵਿਅੰਗ ਕਸਦਿਆਂ ਕਿਹਾ ਕਿ ਕੀ ਭਾਜਪਾ ਸਮਝਦੀ ਹੈ ਕਿ ਬਾਕੀ ਸੂਬਿਆਂ ਦੇ ਲੋਕ ਬੰਗਲਾਦੇਸ਼ ਤੇ ਕਜ਼ਾਖ਼ਸਤਾਨ ਤੋਂ ਆਏ ਹਨ। ਸੈਨਾ ਦੀ ਸਾਲਾਨਾ ਦਸਹਿਰਾ ਰੈਲੀ ਮੌਕੇ ਊਧਵ ਨੇ ਕਿਹਾ ‘ਜਿਹੜੇ ਅਜਿਹਾ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਕੇਂਦਰ ਵਿਚ ਬੈਠੇ ਹੋ।’ ਅਦਾਕਾਰਾ ਕੰਗਨਾ ਰਣੌਤ ’ਤੇ ਲੁਕਵਾਂ ਵਾਰ ਕਰਦਿਆਂ ਠਾਕਰੇ ਨੇ ਕਿਹਾ ਕਿ ਕੁਝ ਲੋਕ ਰੋਟੀ-ਰੋਜ਼ੀ ਕਮਾਉਣ ਲਈ ਮੁੰਬਈ ਆਉਂਦੇ ਹਨ ਤੇ ਫਿਰ ‘ਪੀਓਕੇ’ ਕਹਿ ਕੇ ਸ਼ਹਿਰ ਦਾ ਨਿਰਾਦਰ ਵੀ ਕਰਦੇ ਹਨ। ਠਾਕਰੇ ਨੇ ਨਾਲ ਹੀ ਕਿਹਾ ਕਿ ਸਮਾਂ ਆ ਗਿਆ ਹੈ ਕਿ ਮੌਜੂਦਾ ਜੀਐੱਸਟੀ ਢਾਂਚੇ ’ਤੇ ਮੁੜ ਵਿਚਾਰ ਕੀਤਾ ਜਾਵੇ ਕਿਉਂਕਿ ਰਾਜਾਂ ਨੂੰ ਇਸ ਤੋਂ ਕੋਈ ਲਾਭ ਨਹੀਂ ਹੋ ਰਿਹਾ।
-ਪੀਟੀਆਈ