ਮੁੰਬਈ, 16 ਫਰਵਰੀ
ਫਾਦਰ ਸਟੈਨ ਸਵਾਮੀ ਦੇ ਸਹਿਯੋਗੀ ਫਾਦਰ ਸੋਲੋਮਨ ਨੇ ਅੱਜ ਕਿਹਾ ਕਿ ਸਵਾਮੀ ਨੇ ਪੁੱਛਗਿੱਛ ਦੌਰਾਨ ਕਰੀਬ ਚਾਰ ਵਾਰ ਐਨਆਈਏ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਕੰਪਿਊਟਰ ਵਿਚ ਜਾਅਲੀ ਸਬੂਤ ਰੱਖੇ ਗਏ ਸਨ। ਸਟੈਨ ਸਵਾਮੀ ਐਲਗਾਰ ਪ੍ਰੀਸ਼ਦ ਕੇਸ ਵਿਚ ਅਕਤੂਬਰ, 2020 ਤੋਂ ਜੇਲ੍ਹ ਵਿਚ ਹਨ। ਇਕ ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਸੋਲੋਮਨ ਨੇ ਇਹ ਖੁਲਾਸਾ ਕੀਤਾ ਹੈ। ਇਸ ਮੌਕੇ ਇਸ ਕੇਸ ਦੇ 16 ਮੁਲਜ਼ਮਾਂ (ਕਾਰਕੁਨਾਂ ਤੇ ਅਕਾਦਮਿਕ ਸ਼ਖ਼ਸੀਅਤਾਂ) ਦੇ ਪਰਿਵਾਰ, ਮਿੱਤਰ ਤੇ ਵਕੀਲ ਹਾਜ਼ਰ ਸਨ। ਫਾਦਰ ਸੋਲੋਮਨ ਰਾਂਚੀ ਦੇ ਬਗਾਇਚਾ ਸਮਾਜਿਕ ਕੇਂਦਰ ਦੇ ਡਾਇਰੈਕਟਰ ਹਨ ਜਿੱਥੇ ਸਵਾਮੀ ਕੰਮ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕਾ ਅਧਾਰਿਤ ਡਿਜੀਟਲ ਫੋਰੈਂਸਿਕ ਫਰਮ ਨੇ ਰਿਪੋਰਟ ਦਿੱਤੀ ਹੈ ਕਿ ਕਿਸੇ ਨੇ ਮਾਲਵੇਅਰ ਦੀ ਵਰਤੋਂ ਕਰ ਕੇ ਕਾਰਕੁਨ ਰੌਨਾ ਵਿਲਸਨ ਦੇ ਲੈਪਟਾਪ ਵਿਚ ਘੁਸਪੈਠ ਕੀਤੀ ਸੀ। ਉਸ ਨੇ ਹੀ ਕੰਪਿਊਟਰ ਵਿਚ 10 ਪੱਤਰ ਰੱਖੇ ਸਨ ਜਿਨ੍ਹਾਂ ਦੇ ਅਧਾਰ ਉਤੇ ਕਾਨੂੰਨੀ ਕਾਰਵਾਈ ਹੋਈ। ਸੋਲੋਮਨ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਤੇ ਅਗਸਤ ਵਿਚ ਰਾਂਚੀ ’ਚ ਪੁੱਛਗਿੱਛ ਦੌਰਾਨ ਸਵਾਮੀ ਨੇ ਐਨਆਈਏ ਨੂੰ ਦੱਸਿਆ ਸੀ ਕਿ ਕੰਪਿਊਟਰ ’ਚੋਂ ਮਿਲੇ ਦਸਤਾਵੇਜ਼ ਉਨ੍ਹਾਂ ਦੇ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੱਤਰਾਂ ਵਿਚਲੇ ਕੁਝ ਸ਼ਬਦਾਂ ’ਤੇ ਸਟੈਨ ਨੇ ਸਵਾਲ ਉਠਾਏ ਸਨ। ਐਲਗਾਰ ਪ੍ਰੀਸ਼ਦ ਕੇਸ ਲੜ ਰਹੇ ਸੀਨੀਅਰ ਵਕੀਲ ਮਿਹਿਰ ਦੇਸਾਈ ਨੇ ਕਿਹਾ ਕਿ ਡਿਜੀਟਲ ਫਰਮ ਦੀ ਰਿਪੋਰਟ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਜ਼ਮਾਨਤਾਂ ਦਾ ਵਿਰੋਧ ਕਰਨ ਲਈ ਜ਼ਿਆਦਾਤਰ ਇਸਤਗਾਸਾ ਪੱਖ ਇਲੈਕਟ੍ਰੌਨਿਕ ਸਬੂਤਾਂ ਦਾ ਹੀ ਹਵਾਲਾ ਦਿੰਦਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਲਵੇਅਰ ਰਿਪੋਰਟ ਬਾਰੇ ਆਜ਼ਾਦਾਨਾ ਜਾਂਚ ਹੋਣੀ ਚਾਹੀਦੀ ਹੈ। -ਪੀਟੀਆਈ