ਵਿਨਾਇਕ ਪਦਮਾਦਿਓ
ਗਾਜ਼ੀਪੁਰ, 13 ਫਰਵਰੀ
ਚੰਡੀਗੜ੍ਹ ਸਥਿਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਪੀਐੱਚਆਰਓ) ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਲਿਖਤੀ ਬੇਨਤੀ ਕਰਕੇ ਸਾਰੇ ਥਾਣਿਆਂ ਦੇ ਸੀਸੀਟੀਵੀ ਫੁਟੇਜਾਂ ਨੂੰ ਸੁਰੱਖਿਅਤ ਰੱਖਣ ਦੀ ਬੇਨਤੀ ਕੀਤੀ ਹੈ, ਜਿਥੇ ਗਣਤੰਤਰ ਦਿਵਸ ਹਿੰਸਾ ਸਬੰਧੀ ਕੇਸ ਦਰਜ ਕੀਤੇ ਗਏ ਹਨ। ਸੰਗਠਨ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਹ ਸਬੂਤ ਹਨ ਕਿ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਕੁਝ ਕਿਸਾਨਾਂ ਨੂੰ ਹਿੰਸਾ ਦੇ ਮਾਮਲਿਆਂ ਵਿੱਚ ਝੂਠਾ ਫਸਾਇਆ ਗਿਆ ਹੈ। ਪੀਐੱਚਆਰਓ ਦੇ ਮੈਂਬਰ ਵਕੀਲ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਅਜੇ ਵੀ ਪੁਲਿਸ ਅਧਿਕਾਰੀਆਂ ਤੋਂ ਜਵਾਬ ਦੀ ਉਡੀਕ ਕਰ ਰਹੇ ਹਨ।
ਸੰਗਠਨ ਨੇ ਕਿਹਾ ਕਿ ਉਸ ਕੋਲ ਸਬੂਤ ਹਨ ਜੋ ਇਹ ਸਾਬਤ ਕਰਦੇ ਹਨ ਕਿ ਕੁਝ ਲੜਕੇ, ਜਿਨ੍ਹਾਂ ਨੂੰ ਪੁਲੀਸ ਨੇ ਚੁੱਕਿਆ ਸੀ ਉਹ 28 ਜਨਵਰੀ ਨੂੰ ਆਪਣੇ ਪਿੰਡ ਤੋਂ ਚੱਲੇ ਸਨ ਤੇ ਉਨ੍ਹਾਂ ਨੂੰ 29 ਤਰੀਕ ਨੂੰ ਚੁੱਕ ਲਿਆ ਗਿਆ। ਬਾਅਦ ਵਿੱਚ ਹਿੰਸਾ ਦੇ ਮਾਮਲਿਆਂ ਵਿੱਚ ਫਸਾ ਦਿੱਤਾ। ਸ੍ਰੀ ਸਿੱਧੂ ਕਿਹਾ, “ਸਾਡੇ ਕੋਲ ਆਪਣੇ ਦਾਅਵੇ ਦੀ ਪੁਸ਼ਟੀ ਲਈ ਸੀਸੀਟੀਵੀ ਫੁਟੇਜ ਹਨ ਪਰ ਮੈਂ ਇਸ ਨੂੰ ਸਾਂਝਾ ਨਹੀਂ ਕਰਾਂਗਾ ਕਿਉਂਕਿ ਇਹ ਸਾਡੇ ਪੱਖ ਦਾ ਮਜ਼ਬੂਤ ਹਿੱਸਾ ਹਨ।”