ਨਵੀਂ ਦਿੱਲੀ, 18 ਅਗਸਤ
ਰੋਹਿੰਗੀਆ ‘ਸ਼ਰਨਾਰਥੀਆਂ’ ਨੂੰ ਦਿੱਲੀ ਵਿਚ ਫਲੈਟ ਤੇ ਸੁਰੱਖਿਆ ਮੁਹੱਈਆ ਕੀਤੇ ਜਾਣ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਪੂਰੇ ਮਾਮਲੇ ਦੀ ‘ਨਿਰਪੱਖ’ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਸਿਸੋਦੀਆ ਨੇ ਕਿਹਾ ਕਿ ਇਸ ਤੱਥ ਦੀ ਜਾਂਚ ਹੋਵੇ ਕਿ ਕਿਸ ਦੇ ਕਹਿਣ ’ਤੇ ਰਹਿੰਗੀਆ ਮੁਸਲਮਾਨਾਂ ਨੂੰ ਕੌਮੀ ਰਾਜਧਾਨੀ ਵਿਚਲੇ ਅਪਾਰਟਮੈਂਟਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਤੇ ਪਰਦੇ ਪਿੱਛਿਓਂ ਹਦਾਇਤਾਂ ਦੇਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਿਸੋਦੀਆ ਨੇ ਰੋਹਿੰਗੀਆਂ ਨੂੰ ਤਬਦੀਲ ਕਰਨ ਦੀ ਪੇਸ਼ਕਦਮੀ ਨੂੰ ‘ਸਾਜ਼ਿਸ਼’ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਫੈਸਲਾ ਕੇਂਦਰ ਸਰਕਾਰ ਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਲਿਆ ਜਦੋਂਕਿ ਉਨ੍ਹਾਂ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ‘ਪੂਰੀ ਤਰ੍ਹਾਂ ਹਨੇਰੇ’ ਵਿੱਚ ਰੱਖਿਆ ਗਿਆ। ਸਿਸੋਦੀਆ ਨੇ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਰੋਹਿੰਗੀਆ ਮੁਸਲਮਾਨਾਂ ਨੂੰ ਫਲੈਟਾਂ ਵਿੱਚ ਤਬਦੀਲ ਕਰਨ ਦਾ ਕੋਈ ਫੈਸਲਾ ਨਹੀਂ ਲਿਆ। ਕੇਂਦਰ ਸਰਕਾਰ ਵੀ ਇਹੀ ਆਖ ਰਹੀ ਹੈ ਕਿ ਉਸ ਨੇ ਇਹ ਫੈਸਲਾ ਨਹੀਂ ਲਿਆ। ਫਿਰ ਇਹ (ਫੈਸਲਾ) ਕਿਸ ਨੇ ਕੀਤਾ? ਨਾ ਮੈਨੂੰ ਤੇ ਨਾ ਹੀ ਮੁੱਖ ਮੰਤਰੀ ਕੇਜਰੀਵਾਲ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ। ਸਾਨੂੰ ਤਾਂ ਅਖ਼ਬਾਰਾਂ ਜ਼ਰੀਏ ਰੋਹਿੰਗੀਆਂ ਨੂੰ ਫਲੈਣ ਦੇਣ ਬਾਰੇ ਪਤਾ ਲੱਗਾ ਸੀ। ਮੈਂ ਅਧਿਕਾਰੀਆਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਕੁਝ ਮੀਟਿੰਗਾਂ ਹੋਈਆਂ ਸਨ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀ ਮੌਜੂਦ ਸਨ।’’ ਉਪ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਜਦੋਂ ਮੀਟਿੰਗ ਦੀ ਤਫਸੀਲ ਮੰਗੀ ਤਾਂ ਵੇਖਿਆ ਕਿ ਫਾਈਲਾਂ ਵਿੱਚ ਕੇਂਦਰ ਸਰਕਾਰ ਦੀ ਮਨਜ਼ੂਰੀ ਦਾ ਜ਼ਿਕਰ ਸੀ। ਇਹ ਫਾਈਲਾਂ ਮੁੱਖ ਸਕੱਤਰ ਜ਼ਰੀਏ ਸਿੱਧੀਆਂ ਉਪ ਰਾਜਪਾਲ ਨੂੰ ਭੇਜੀਆਂ ਗਈਆਂ ਸਨ। ਇਹ ਪੂਰਾ ਅਮਲ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਲੁਕਾ ਕੇ ਰੱਖਿਆ ਗਿਆ। ਇਹ ਸਾਜ਼ਿਸ਼ ਕਿਉਂ?’’ ਸਿਸੋਦੀਆ ਨੇ ਮੰਗ ਕੀਤੀ ਕਿ ਪਰਦੇ ਪਿੱਛਿਓਂ ਫੈਸਲਾ ਲੈਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰੋਹਿੰਗੀਆ ਮੁਸਲਮਾਨਾਂ ਨੂੰ ਤਬਦੀਲ ਕਰਨ ਦੇ ਮੁੱਦੇ ਬਾਰੇ ਕੇਂਦਰ ਦਾ ਰੁਖ਼ ਸਪਸ਼ਟ ਕਰਨ। ਸਿਸੋਦੀਆ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰੋਹਿੰਗੀਆਂ ਨੂੰ ਤਬਦੀਲ ਕਰਨ ਬਾਰੇ ਕੀਤੇ ਟਵੀਟ ਕੀਤਾ ਸੀ, ਜਿਸ ਦਾ ਆਮ ਆਦਮੀ ਪਾਰਟੀ ਤੇ ਹੋਰਨਾਂ ਨੇ ਵਿਰੋਧ ਕੀਤਾ, ਜਿਸ ਮਗਰੋਂ ਗ੍ਰਹਿ ਮੰਤਰਾਲੇ ਨੂੰ ਇਸ ਮੁੱਦੇ ’ਤੇ ਸਪਸ਼ਟੀਕਰਨ ਜਾਰੀ ਕਰਨਾ ਪਿਆ। ਕਾਬਿਲੇਗੌਰ ਹੈ ਕਿ ਪੁਰੀ ਦੇ ਰੋਹਿੰਗੀਆ ਸ਼ਰਨਾਰਥੀਆਂ ਨੂੰ ਕੌਮੀ ਰਾਜਧਾਨੀ ਵਿਚਲੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਬਣੇ ਫਲੈਟਾਂ ਵਿੱਚ ਤਬਦੀਲ ਕਰਨ ਸਬੰਧੀ ਟਵੀਟ ਤੋਂ ਕੁਝ ਘੰਟਿਆਂ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਜਿਹੀ ਕਿਸੇ ਪੇਸ਼ਕਦਮੀ ਤੋਂ ਇਨਕਾਰ ਕਰਦਿਆਂ ਦਿੱਲੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਕਿ ‘ਗੈਰਕਾਨੂੰਨੀ ਵਿਦੇਸ਼ੀਆਂ’ ਡਿਟੈਂਸ਼ਨ ਕੇਂਦਰਾਂ ਵਿੱਚ ਹੀ ਰਹਿਣ। ਮੰਤਰਾਲੇ ਨੇ ਇਹ ਗੱਲ ਵੀ ਕਹੀ ਕਿ ਰੋਹਿੰਗੀਆ ਮੁਸਲਮਾਨਾਂ ਨੂੰ ਨਵੇਂ ਟਿਕਾਣੇ ’ਤੇ ਤਬਦੀਲ ਕਰਨ ਸਬੰਧੀ ਤਜਵੀਜ਼ ਦਿੱਲੀ ਸਰਕਾਰ ਦੀ ਸੀ। ਸਿਸੋਦੀਆ ਨੇ ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੋਹਿੰਗੀਆ ਸ਼ਰਨਾਰਥੀਆਂ ਨੂੰ ਕੌਮੀ ਰਾਜਧਾਨੀ ਵਿੱਚ ‘ਸਥਾਈ ਰਿਹਾਇਸ਼’ ਦੇਣ ਲਈ ‘ਗੁਪਤ’ ਤਰੀਕੇ ਨਾਲ ਕੋਸ਼ਿਸ਼ਾਂ ਕਰ ਰਹੀ ਹੈ। -ਪੀਟੀਆਈ/ਏਐੱਨਆਈ
ਕੇਜਰੀਵਾਲ ਰੋਹਿੰਗੀਆਂ ਨੂੰ ‘ਰਿਓੜੀਆਂ’ ਵੰਡ ਰਹੇ ਨੇ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਰੋਹਿੰਗੀਆ ਮੁਸਲਮਾਨਾਂ ਦੇ ਮੁੱਦੇ ’ਤੇ ਦਿੱਲੀ ਦੀ ‘ਆਪ’ ਸਰਕਾਰ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਭਾਜਪਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੈਰਕਾਨੂੰਨੀ ਆਵਾਸੀਆਂ ਨੂੰ ਕਥਿਤ ‘ਰਿਉੜੀਆਂ’ ਵੰਡ ਰਹੇ ਹਨ ਤੇ ਵੋਟ ਬੈਂਕ ਦੀ ਸਿਆਸਤ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਵੀ ਤਿਆਰ ਹਨ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਿਆਸੀ ਲਾਹੇ ਲਈ ‘ਕੇਜਰੀਵਾਲ ਰੋਹਿੰਗੀਆਂ ਨੂੰ ਮੁਫ਼ਤ ਪਾਣੀ, ਬਿਜਲੀ ਤੇ ਰਾਸ਼ਨ ਦੇ ਰਹੇ ਹਨ ਅਤੇ ਦਿੱਲੀ ਸਰਕਾਰ ਹੁਣ ਉਨ੍ਹਾਂ ਨੂੰ ਫਲੈਟ ਦੇਣ ਦੀ ਯੋਜਨਾ ਬਣਾ ਰਹੀ ਹੈ। ਉਹ ਹੁਣ ਉਨ੍ਹਾਂ ਨੂੰ ‘ਰਿਓੜੀਆਂ’ ਵੰਡ ਰਹੇ ਹਨ।’’ ਠਾਕੁਰ ਨੇ ਕਿਹਾ ਕੇਜਰੀਵਾਲ ‘ਮੁੱਖ ਮੰਤਰੀ ਨਹੀਂ ਝੂਠ ਮੰਤਰੀ ਹਨ। ਉਹ ਸੰਗੀਨ ਝੂਠ ਬੋਲ ਰਹੇ ਹਨ…ਕੇਜਰੀਵਾਲ ਤੇ ਆਪ ਵੋਟ ਬੈਂਕ ਸਿਆਸਤ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਵੀ ਤਿਆਰ ਹੈ।’’ -ਪੀਟੀਆਈ
ਰੋਹਿੰਗੀਆਂ ਸ਼ਰਨਾਰਥੀਆਂ ਨੂੰ ਲੈ ਕੇ ਸਰਕਾਰ ਦੀ ‘ਦੁਚਿੱਤੀ’ ਰਾਸ਼ਟਰ ਲਈ ਸ਼ਰਮਨਾਕ: ਥਰੂਰ
ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰੋਹਿੰਗੀਆ ਮੁਸਲਮਾਨਾਂ ਨੂੰ ਰਿਹਾਇਸ਼ ਮੁਹੱਈਆ ਕੀਤੇ ਜਾਣ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਸਰਕਾਰ ਵਿੱਚ ਇਹ ‘ਭੰਬਲਭੂਸਾ’ ਇੱਕ ਅਜਿਹੇ ਰਾਸ਼ਟਰ ਲਈ ਸ਼ਰਮਨਾਕ ਹੈ, ਜਿਸ ਨੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਬਾਰੇ ਹਾਈ ਕਮਿਸ਼ਨਰ (ਯੂਐੱਨਐੱਚਸੀਆਰ) ਦੀ ਕਾਰਜਕਾਰੀ ਕਮੇਟੀ ਵਿੱਚ ਸੇਵਾ ਕੀਤੀ ਹੈ। ਥਰੂਰ ਨੇ ਟਵੀਟ ਕੀਤਾ, ‘‘ਸਾਡੇ ਕੋਲ ਹਜ਼ਾਰਾਂ ਸਾਲਾਂ ਤੋਂ ਸ਼ਰਨਾਰਥੀਆਂ ਨੂੰ ਜੀ ਆਇਆਂ ਕਹਿਣ ਅਤੇ ਗਲੇ ਲਗਾਉਣ ਦੀ ਮਾਣਮੱਤੀ ਮਾਨਵਤਾਵਾਦੀ ਰਵਾਇਤ ਹੈ। ਭਾਜਪਾ, ਕਿਰਪਾ ਕਰਕੇ ਭਾਰਤੀ ਤਹਿਜ਼ੀਬ ਨੂੰ ਧੋਖਾ ਨਾ ਦਿਓ।’’