ਵਿਸ਼ਾਖਾਪਟਨਮ, 3 ਦਸੰਬਰ
ਜਲ ਸੈਨਾ ਦੀ ਪੂਰਬੀ ਕਮਾਂਡ ਦੇ ਫਲੈਗ ਆਫ਼ੀਸਰ ਕਮਾਂਡਰ-ਇਨ-ਚੀਫ਼ ਵਾਈਸ ਐਡਮਿਰਲ ਬਿਸਵਾਜੀਤ ਦਾਸਗੁਪਤਾ ਨੇ ਕਿਹਾ ਹੈ ਕਿ ਪੂਰਬੀ ਕਮਾਨ ਦਾ ਖਿੱਤੇ ਤੇ ਇਸ ਤੋਂ ਪਾਰ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ‘ਜਲ ਸੈਨਾ ਦਿਵਸ’ ਦੇ ਜਸ਼ਨਾਂ ਵਿਚ ਹਿੱਸਾ ਲੈਂਦਿਆਂ ਉਨ੍ਹਾਂ ਕਿਹਾ ਕਿ ਪੂਰਬੀ ਕਮਾਨ ਦਾ ਧਿਆਨ ਹਮੇਸ਼ਾ ਜੰਗੀ ਤਿਆਰੀਆਂ ਉਤੇ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਰਹੇਗਾ ਤਾਂ ਕਿ ਕਿਸੇ ਵੀ ਹੱਲੇ ਦਾ ਤੇਜ਼ੀ ਨਾਲ ਜਵਾਬ ਦਿੱਤਾ ਜਾ ਸਕੇ। ਜਲ ਸੈਨਾ ਦਿਵਸ ਹਰ ਸਾਲ ਚਾਰ ਦਸੰਬਰ ਨੂੰ 1971 ਦੀ ਜੰਗ ਵਿਚ ਮਿਲੀ ਜਿੱਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਦੌਰਾਨ ਦਾਸਗੁਪਤਾ ਨੇ ਕਿਹਾ ਕਿ ਸਮੁੰਦਰੀ ਅਪਰੇਸ਼ਨਾਂ ਵਿਚ ਚੌਕਸ ਰਹਿਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਲ ਸੈਨਾ ਕੋਲ 130 ਸ਼ਿੱਪ, ਜੰਗੀ ਬੇੜੇ ਤੇ ਪਣਡੁੱਬੀਆਂ ਹਨ। -ਪੀਟੀਆਈ