ਜੌਨਪੁਰ, 14 ਦਸੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਬੁਰੀ ਤਰ੍ਹਾਂ ਨਕਾਰਾ ਹੋ ਗਈ ਹੈ ਤੇ ਇਸ ਦੇ ਦੋਵੇਂ ਇੰਜਣ ਆਪਸ ਵਿਚ ਹੀ ਟਕਰਾ ਰਹੇ ਹਨ। ਯਾਦਵ ਨੇ ਕਿਹਾ ਕਿ ਯੂਪੀ ਵਿਚ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਯੂਪੀ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਾਪਸ ਲਏ ਹਨ।
ਜੌਨਪੁਰ ਵਿਚ ਆਪਣੀ ‘ਰੱਥ ਯਾਤਰਾ’ ਕੱਢਦਿਆਂ ਅਖਿਲੇਸ਼ ਨੇ ਕਿਹਾ, ‘ਲੋਕਾਂ ਦਾ ਗੁੱਸਾ ਦੇਖਿਆ ਜਾ ਸਕਦਾ ਹੈ। ਇਨ੍ਹਾਂ ਚੋਣਾਂ ਵਿਚ ਕਿਸਾਨ ਇਨ੍ਹਾਂ ਖਿਲਾਫ ਖੜ੍ਹ ਸਕਦੇ ਹਨ, ਇਸੇ ਕਾਰਨ, ਖੇਤੀ ਕਾਨੂੰਨ ਵਾਪਸ ਲਏ ਗਏ ਹਨ।’ ਭਾਜਪਾ ਦੇ ਦਾਅਵੇ ਕਿ ਯੂਪੀ ਨੂੰ ਰਾਜ ਤੇ ਕੇਂਦਰ ਦੋਵਾਂ ਥਾਵਾਂ ਉਤੇ ਇਕੋ ਪਾਰਟੀ ਦੀ ਸਰਕਾਰ ਹੋਣ ਦਾ ਫਾਇਦਾ ਹੋਇਆ ਹੈ, ਦਾ ਮਜ਼ਾਕ ਉਡਾਉਂਦਿਆਂ ਅਖਿਲੇਸ਼ ਨੇ ਕਿਹਾ ਯੋਗੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋ ਰਹੀ ਹੈ। ਅਖਿਲੇਸ਼ ਨੇ ਕਿਹਾ ਕਿ ਕਿਸਾਨ ਲਖੀਮਪੁਰ ਖੀਰੀ ਘਟਨਾ ਕਦੇ ਨਹੀਂ ਭੁੱਲਣਗੇ। ਉਨ੍ਹਾਂ ਕਿਹਾ, ‘ਕੀ ਜੀਪ ਚਲਾ ਰਿਹਾ ਤੇ ਨਾਲ ਬੈਠੇ ਵਿਅਕਤੀ ਭਾਜਪਾ ਵਰਕਰ ਨਹੀਂ ਸਨ?’ -ਪੀਟੀਆਈ
‘ਯੋਗੀ ਨੂੰ ਪਤੈ ਨਦੀਆਂ ਸਾਫ਼ ਨਹੀਂ ਤਾਂ ਹੀ ਡੁਬਕੀ ਨਹੀਂ ਲਾਈ’
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਵਿਅੰਗ ਕਸਦਿਆਂ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ (ਯੋਗੀ) ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਨਦੀਆਂ ਸਾਫ਼ ਨਹੀਂ ਹਨ, ਇਸ ਲਈ ਉਨ੍ਹਾਂ ਚਲਾਕੀ ਤੋਂ ਕੰਮ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਗੰਗਾ ਵਿਚ ਡੁਬਕੀ ਨਹੀਂ ਲਾਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਦੌਰੇ ’ਤੇ ਹਨ। ਇਸ ਤੋਂ ਪਹਿਲਾਂ ਅਖਿਲੇਸ਼ ਨੇ ਕਿਹਾ ਸੀ ਕਿ ‘ਲੋਕ ਆਪਣੇ ਅੰਤਿਮ ਸਮੇਂ ਵਿਚ ਬਨਾਰਸ ਹੀ ਆ ਜਾਂਦੇ ਹਨ।’ -ਪੀਟੀਆਈ