ਬਿਜਨੌਰ (ਯੂਪੀ), 10 ਫਰਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਰਾਜ ਵਿਚਲੀ ਕਥਿਤ ਡਬਲ ਇੰਜਣ ਸਰਕਾਰ ਦੇ ਕਾਰਜਕਾਲ ’ਚ ਭ੍ਰਿਸ਼ਟਾਚਾਰ ਦੁੱਗਣਾ ਹੋ ਗਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਗੱਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਗੰਨੇ ਦੀ ਰਾਸ਼ੀ ਦੇ ਸਮਾਂਬੱਧ ਭੁਗਤਾਨ ਲਈ 10 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਇਆ ਜਾਵੇਗਾ।
ਯਾਦਵ ਨੇ ਇੱਥੇ ਆਪਣੇ ਗੱਠਜੋੜ ਦੇ ਸਹਿਯੋਗੀ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜਯੰਤ ਚੌਧਰੀ ਨਾਲ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ, ‘ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਸਰਕਾਰ ’ਚ ਭ੍ਰਿਸ਼ਟਾਚਾਰ ਵੀ ਡਬਲ ਹੋ ਗਿਆ ਹੈ। ਇਸ ਲਈ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਪਾ ਗੱਠਜੋੜ ਨੂੰ ਵੋਟ ਪਾਓ ਤਾਂ ਜੋ ਬਾਬਾ ਜੀ (ਮੁੱਖ ਮੰਤਰੀ ਯੋਗੀ ਆਦਿੱਤਿਆਨਾਥ) ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਆਪਣੇ ਘਰ ਮੁੜ ਜਾਣ।’ ਉਨ੍ਹਾਂ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ, ‘ਸੱਤਾ ’ਚ ਆਉਣ ’ਤੇ ਅਸੀਂ 10 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਵਾਂਗੇ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਗੰਨੇ ਦੀ ਰਾਸ਼ੀ ਦਾ ਭੁਗਤਾਨ ਹੋ ਸਕੇ। ਗੱਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀ ਗੰਨੇ ਦੀ ਫ਼ਸਲ ਦਾ ਭੁਗਤਾਨ 15 ਦਿਨ ਅੰਦਰ ਕੀਤਾ ਜਾਵੇਗਾ।’ ਸਪਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੂੰ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਦੋ ਮਿੰਟ ਦਾ ਮੌਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਭਾਜਪਾ ਝੂਠਾਂ ਦੀ ਪਾਰਟੀ ਹੈ। ਇਸ ਦਾ ਛੋਟਾ ਨੇਤਾ ਛੋਟਾ ਝੂਠ ਬੋਲਦਾ ਹੈ ਅਤੇ ਸਭ ਤੋਂ ਵੱਡਾ ਨੇਤਾ ਸਭ ਤੋਂ ਵੱਡਾ ਝੂਠ ਬੋਲਦਾ ਹੈ ਪਰ ਇਸ ਵਾਰ ਭਾਜਪਾ ਦੇ ਝੂਠ ਦਾ ਹੈਲੀਕਾਪਟਰ ਉੱਤਰ ਪ੍ਰਦੇਸ਼ ’ਚ ਨਹੀਂ ਉੱਤਰ ਸਕੇਗਾ।’ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਭਾਜਪਾ ਦੇ ਕਾਰਜਕਾਲ ’ਚ ਬਿਜਲੀ ਦਾ ਬਿੱਲ ਲੋਕਾਂ ਨੂੰ ਬਿਜਲੀ ਦਾ ਝਟਕਾ ਦਿੰਦਾ ਹੈ ਕਿਉਂਕਿ ਸਰਕਾਰ ਨੇ ਇੱਕ ਵੀ ਬਿਜਲੀ ਉਤਪਾਦਨ ਇਕਾਈ ਨਹੀਂ ਲਗਾਈ। ਇਸੇ ਕਾਰਨ ਸਾਨੂੰ ਬਿਜਲੀ ਦੀ ਮਹਿੰਗੀ ਕੀਮਤ ਭਰਨੀ ਪੈ ਰਹੀ ਹੈ। ਸੂਬੇ ’ਚ ਸਪਾ ਗੱਠਜੋੜ ਦੀ ਸਰਕਾਰ ਆਉਣ ’ਤੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ।’ -ਪੀਟੀਆਈ