ਨਵੀਂ ਦਿੱਲੀ, 28 ਜਨਵਰੀ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਪਿਛੋਕੜ ’ਚ ਵੀਰਵਾਰ ਨੂੰ ਕਿਹਾ ਕਿ ‘ਵਿਕਾਸ ਦੀ ਲਹਿਰ’ ਨੂੰ ‘ਬਦਅਮਨੀ ਦੇ ਸਾਜ਼ਿਸ਼ੀ ਉਭਾਰ’ ਨਾਲ ਨਹੀਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕੇਂਦਰੀ ਵਕਫ਼ ਪਰਿਸ਼ਦ ਵੱਲੋਂ ਸੂਬਾ ਵਕਫ਼ ਬੋਰਡਾਂ ਦੇ ਅਧਿਕਾਰੀਆਂ ਲਈ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੀ ਵਿਕਾਸ ਪ੍ਰਤੀ ਵਚਨਬੱਧਤਾ ਨੇ ਇਨਕਲਾਬੀ ਨਤੀਜੇ ਦਿਖਾਏ ਹਨ ਜਿਸ ਦਾ ਆਧਾਰ ਮਰਿਆਦਾ ਨਾਲ ਵਿਕਾਸ ਅਤੇ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਹੈ। ਸ੍ਰੀ ਨਕਵੀ ਨੇ ਕਿਹਾ ਕਿ ਸਮਾਜ ਦਾ ਹਰੇਕ ਵਰਗ ਵਿਕਾਸ ’ਚ ਬਰਾਬਰ ਦਾ ਭਾਈਵਾਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੁਝ ਵਿਨਾਸ਼ਕਾਰੀ ਅਨਸਰਾਂ ਨੇ ਮੁਲਕ ਖ਼ਿਲਾਫ਼ ਸਾਜ਼ਿਸ਼ ਲਈ ਗਣਤੰਤਰ ਦਿਵਸ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਇਹ ਲੋਕ ਹਾਂ-ਪੱਖੀ ਅਤੇ ਉਸਾਰੂ ਮਾਹੌਲ ਦੇ ਦੁਸ਼ਮਣ ਹਨ ਅਤੇ ਅਜਿਹੇ ਅਨਸਰਾਂ ਨੂੰ ਸਮਾਜ ਅਤੇ ਸਰਕਾਰ ਕਦੇ ਵੀ ਮੁਆਫ਼ ਨਹੀਂ ਕਰ ਸਕਦੀ ਹੈ। ਕੇਂਦਰੀ ਮੰਤਰੀ ਨੇ ਵਕਫ਼ ਸੰਪਤੀਆਂ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਕਰੀਬ 6 ਸਾਲਾਂ ’ਚ ਮੁਲਕ ਦੇ ਸਾਰੇ ਜ਼ਰੂਰਤਮੰਦ ਖ਼ਿੱਤਿਆਂ ’ਚ ਮੋਦੀ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਨਿਰਮਾਣ ਕੀਤਾ ਗਿਆ ਹੈ। -ਪੀਟੀਆਈ