ਨਵੀਂ ਦਿੱਲੀ, 26 ਦਸੰਬਰ
ਮਹਾਮਾਰੀਆਂ ਬਾਰੇ ਏਮਸ ਦੇ ਸੀਨੀਅਰ ਮਾਹਿਰ ਨੇ ਅੱਜ ਕਿਹਾ ਕਿ ਬੱਚਿਆਂ ਨੂੰ ਕਰੋਨਾ ਰੋਕੂ ਟੀਕੇ ਲਾਉਣ ਸਬੰਧੀ ਕੇਂਦਰ ਸਰਕਾਰ ਦਾ ਫ਼ੈਸਲਾ ਪੂਰੀ ਤਰ੍ਹਾਂ ਗ਼ੈਰ-ਵਿਗਿਆਨਕ ਹੈ ਤੇ ਇਸ ਦਾ ਕੋਈ ਵਾਧੂ ਲਾਭ ਨਹੀਂ ਹੋਵੇਗਾ। ਭਾਰਤੀ ਲੋਕ ਸਿਹਤ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬਾਲਗਾਂ ਤੇ ਬੱਚਿਆਂ ’ਤੇ ਕੋਵੈਕਸੀਨ ਦੇ ਟਰਾਇਲ ਕਰਨ ਵਾਲੀ ਸੰਸਥਾ ਦੇ ਪ੍ਰਮੁੱਖ ਨਿਗਰਾਨ ਡਾ. ਸੰਜੈ ਕੇ ਰਾਏ ਨੇ ਕਿਹਾ ਕਿ ਇਸ ਫ਼ੈਸਲੇ ਨੂੰ ਅਮਲ ’ਚ ਲਿਆਉਣ ਤੋਂ ਪਹਿਲਾਂ ਉਨ੍ਹਾਂ ਮੁਲਕਾਂ ਦੇ ਅੰਕੜਿਆਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਜਿੱਥੇ ਬੱਚਿਆਂ ਨੂੰ ਕਰੋਨਾ ਰੋਕੂ ਟੀਕੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਰਾਤ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ 3 ਜਨਵਰੀ ਤੋਂ ਕਰੋਨਾ ਰੋਕੂ ਟੀਕੇ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲ ਤੇ ਕਾਲਜ ਜਾ ਰਹੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਘਟੇਗੀ ਅਤੇ ਮਹਾਮਾਰੀ ਖ਼ਿਲਾਫ਼ ਜੰਗ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਇਸ ਕਦਮ ਨਾਲ ਸਕੂਲਾਂ ’ਚ ਪੜ੍ਹਾਈ ਵੀ ਆਮ ਵਾਂਗ ਸ਼ੁਰੂ ਹੋਣ ’ਚ ਮਦਦ ਮਿਲੇਗੀ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰਕੇ ਟਵੀਟ ਕੀਤਾ, ‘ਮੈਂ ਪ੍ਰਧਾਨ ਮੰਤਰੀ ਵੱਲੋਂ ਲਏ ਗਏ ਫ਼ੈਸਲਿਆਂ ਦੀ ਕਦਰ ਕਰਦਾ ਹਾਂ ਪਰ ਬੱਚਿਆਂ ਦਾ ਕਰੋਨਾ ਰੋਕੂ ਟੀਕਾਕਰਨ ਕਰਨ ਸਬੰਧੀ ਗ਼ੈਰ ਵਿਗਿਆਨਕ ਫ਼ੈਸਲੇ ਤੋਂ ਪੂਰੀ ਤਰ੍ਹਾਂ ਨਿਰਾਸ਼ ਹਾਂ।’ -ਪੀਟੀਆਈ