ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਮੰਚ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸਾਨ ਮੰਗਾਂ ਮੰਨੇ ਤੇ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੀ ਨੀਤੀ ਨੂੰ ਤਿਆਗੇ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਆਗੂ ਵਿਨੋਦ ਰਾਣਾ ਨੇ ਕਿਹਾ ਕਿ ਕੇਂਦਰ ਦੀ ਖੇਤੀ ਖੇਤਰ ਨੂੰ ਸਰਮਾਏਦਾਰਾਂ ਦੇ ਹੱਥਾਂ ’ਚ ਦੇਣ ਦੀ ਨੀਤੀ ਖ਼ਤਰਨਾਕ ਹੈ। ਗੁਜਰਾਤ ਦੇ ਰਚਿਤ ਪਟੇਲ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਮੁੱਖ ਨੀਤੀਆਂ ਹੀ ਨੁਕਸਦਾਰ ਤੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਜਾਣ ਵਾਲੀਆਂ ਹਨ। ਇਸ ਦੌਰਾਨ ਪੰਜਾਬ ਲੋਕ ਸੱਭਿਆਚਾਰ ਮੰਚ ਦੇ ਕਸਤੂਰੀ ਲਾਲ ਨੇ ਮੋਦੀ ਸਰਕਾਰ ਨੂੰ ਘੇਰਿਆ। ਗੰਨਾ ਸੰਘਰਸ਼ ਕਮੇਟੀ ਹਰਿਆਣਾ ਤੋਂ ਬੌਬ ਅੰਬਾਲਾ ਨੇ ਕਿਹਾ ਕਿ ਨੌਜਵਾਨਾਂ ਦੀ ਧਰਨੇ ’ਚ ਸ਼ਮੂਲੀਅਤ ਕਾਬਲੇ ਤਾਰੀਫ਼ ਹੈ। ਐਕਸ ਸਰਵਿਸਮੈੱਨ ਗਰੁੱਪ ਪੰਜਾਬ ਤੋਂ ਕਮਲਦੀਪ ਸਿੰਘ ਝਨੇਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਰਾਹੀਂ ਦੇਸ਼ ਦੇ ਅਰਥਚਾਰੇ ਨੂੰ ਢਾਹ ਲਾਈ ਹੈ, ਜਿਸ ਦੇ ਨਤੀਜੇ ਮਾੜੇ ਹੋ ਸਕਦੇ ਹਨ। ਇਸ ਮੌਕੇ ਕਲਾਕਾਰਾਂ ਵੱਲੋਂ ਨਾਟਕ ਤੇ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਨੌਜਵਾਨਾਂ ਨੂੰ ਡੀਜੇ ਵਜਾਉਣ ਤੋਂ ਵਰਜਿਆ ਗਿਆ ਕਿਉਂਕਿ ਸੰਘਰਸ਼ ਦੌਰਾਨ ਕਈ ਨੌਜਵਾਨਾਂ ਤੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।