ਸ਼ਿਲੌਂਗ, 29 ਨਵੰਬਰ
ਬਾਰਡਰ ਗਾਰਡਜ਼ ਬੰਗਲਾਦੇਸ਼ (ਬੀਜੀਬੀ) ਨੇ ਅੱਜ ਕਿਹਾ ਕਿ ਭਾਰਤ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਅਪਰਾਧਿਕ ਗਤੀਵਿਧੀਆਂ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਮਨੁੱਖੀ ਤਸਕਰੀ ਨੂੰ ਲੈ ਕੇ ਉਸ ਦੀ ਨੀਤੀ ਬਰਦਾਸ਼ਤ ਨਾ ਕਰਨ ਦੀ ਰਹੀ ਹੈ। ਬੀਜੀਬੀ ਤੇ ਵਧੀਕ ਡਾਇਰੈਕਟਰ ਜਨਰਲ ਤਨਵੀਰ ਗਨੀ ਚੌਧਰੀ ਦੀ ਅਗਵਾਈ ਵਾਲੇ ਵਫ਼ਦ ਨੇ ਬੀਐੱਸਐੱਫ ਨਾਲ ਇੱਥੇ ਮੁਕੰਮਲ ਹੋਏ ਤਿੰਨ ਰੋਜ਼ਾ ਕਮਾਂਡਰ ਪੱਧਰ ਦੇ ਸੰਮੇਲਨ ਦੌਰਾਨ ਇਹ ਗੱਲ ਕਹੀ। ਇਸ ਸੰਮੇਲਨ ’ਚ ਬੀਐੱਸਐੱਫ ਦੇ ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਤੇ ਸਿਲਚਰ ਫਰੰਟੀਅਰ ਦੇ ਡਾਇਰੈਕਟਰ ਜਨਰਲਾਂ ਨੇ ਹਿੱਸਾ ਲਿਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਦਹਿਸ਼ਤੀ ਗਤੀਵਿਧੀਆਂ, ਹਥਿਆਰਾਂ, ਧਮਾਕਾਖੇਜ਼ ਸਮੱਗਰੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਮਨੁੱਖੀ ਤਸਕਰੀ ਨੂੰ ਬਰਦਾਸ਼ਤ ਨਹੀਂ ਕਰਦੇ। ਸਰਹੱਦ ਸਬੰਧੀ ਕੁਝ ਮਾਮਲਿਆਂ ’ਤੇ ਚਰਚਾ ਕੀਤੀ ਗਈ ਹੈ ਤੇ ਸਰਹੱਦ ਪਾਰ ਤੋਂ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।’ ਦੂਜੇ ਪਾਸੇ ਬੀਐੱਸਐੱਫ ਨੇ ਡਿਊਟੀ ’ਤੇ ਤਾਇਨਾਤ ਆਪਣੇ ਮੁਲਾਜ਼ਮਾਂ ਤੇ ਭਾਰਤ ਦੇ ਆਮ ਨਾਗਰਿਕਾਂ ’ਤੇ ਬੰਗਲਾਦੇਸ਼ ਦੇ ਅਪਰਾਧੀਆਂ ਵੱਲੋਂ ਕੀਤੇ ਗਏ ਹਮਲਿਆਂ ਨੂੰ ਲੈ ਸਖਤ ਵਿਰੋਧ ਜਤਾਇਆ। -ਪੀਟੀਆਈ