ਨਵੀਂ ਦਿੱਲੀ: ਸਥਾਨਕ ਅਦਾਲਤ ਨੇ ‘ਬੁਲੀ ਬਾਈ’ ਐਪ ਬਣਾਉਣ ਵਾਲੇ ਇੰਜਨੀਅਰਿੰਗ ਦੇ ਵਿਦਿਆਰਥੀ ਨੀਰਜ ਬਿਸ਼ਨੋਈ ਨੂੰ ਸੱਤ ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਦਿੱਲੀ ਪੁਲੀਸ ਨੇ ਵੀਰਵਾਰ ਨੂੰ ਅਸਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲੀਸ ਨੇ ਉਸ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ ਜੋ ਅਦਾਲਤ ਨੇ ਮਨਜ਼ੂਰ ਕਰ ਲਿਆ। ਪੁਲੀਸ ਮੁਤਾਬਕ ਬਿਸ਼ਨੋਈ ਨੇ ਪਿਛਲੇ ਸਾਲ ਅਕਤੂਬਰ ’ਚ ਉਨ੍ਹਾਂ ਮਹਿਲਾਵਾਂ ਦੀ ਸੂਚੀ ਤਿਆਰ ਕੀਤੀ ਸੀ ਜਿਨ੍ਹਾਂ ਨੂੰ ਉਹ ਆਨਲਾਈਨ ਬਦਨਾਮ ਕਰਨਾ ਚਾਹੁੰਦਾ ਸੀ। ਉਹ ਸੋਸ਼ਲ ਮੀਡੀਆ ’ਤੇ ਮਹਿਲਾ ਕਾਰਕੁਨਾਂ ਨੂੰ ਲੱਭ ਕੇ ਉਨ੍ਹਾਂ ਦੀਆਂ ਤਸਵੀਰਾਂ ਡਾਊਨਲੋਡ ਕਰ ਰਿਹਾ ਸੀ। ਉਸ ਨੇ ਟਵਿੱਟਰ ’ਤੇ ਵੀ ਐਪ ਪਾਈ ਸੀ। -ਆਈਏਐਨਐਸ