ਮੁੱਖ ਅੰਸ਼
-
ਰਾਹੁਲ ਗਾਂਧੀ ਦੀ ਅਗਵਾਈ ’ਚ 16 ਦਿਨਾਂ ਤੱਕ ਹੋਵੇਗਾ ਪੈਦਲ ਮਾਰਚ
-
ਦੀਵਾਲੀ ਦੌਰਾਨ ਰੁਕੀ ਰਹੇਗੀ ਯਾਤਰਾ
ਹੈਦਰਾਬਾਦ/ਜੈਪੁਰ, 22 ਅਕਤੂਬਰ
ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਭਲਕੇ ਸਵੇਰੇ ਤਿਲੰਗਾਨਾ ਸੂਬੇ ਵਿਚ ਦਾਖਲ ਹੋ ਜਾਵੇਗੀ। ਵਿਰੋਧੀ ਧਿਰ ਦਾ ਮਾਰਚ ਸੂਬੇ ਦੇ ਮਹਬਿੂਬਨਗਰ ਜ਼ਿਲ੍ਹੇ ਤੋਂ ਯਾਤਰਾ ਦਾ ਅਗਲਾ ਗੇੜ ਆਰੰਭੇਗਾ। ਰਾਹੁਲ ਦੇ ਸਵਾਗਤ ਲਈ ਤਿਲੰਗਾਨਾ ਕਾਂਗਰਸ ਨੇ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਹਨ। ਯਾਤਰਾ ਕਰਨਾਟਕ ਤੋਂ ਤਿਲੰਗਾਨਾ ਵਿਚ ਦਾਖਲ ਹੋਵੇਗੀ। ਗੁੜੇਬੈਲੂਰ ਵਿਚ ਸਵੇਰ ਦੇ ਖਾਣੇ ਤੋਂ ਬਾਅਦ ਯਾਤਰਾ ਤਿੰਨ ਦਿਨ ਲਈ ਦੀਵਾਲੀ ਹੋਣ ਕਾਰਨ ਰੁਕੇਗੀ। 27 ਅਕਤੂਬਰ ਨੂੰ ਇਹ ਮੁੜ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਇਹ 16 ਦਿਨਾਂ ਤੱਕ ਤਿਲੰਗਾਨਾ ਵਿਚੋਂ ਲੰਘੇਗੀ। ਇਹ 19 ਵਿਧਾਨ ਸਭਾ ਹਲਕਿਆਂ ਤੇ 7 ਲੋਕ ਸਭਾ ਹਲਕਿਆਂ ਵਿਚੋਂ ਗੁਜ਼ਰੇਗੀ। ਰਾਹੁਲ ਗਾਂਧੀ ਹਰ ਦਿਨ 20-25 ਕਿਲੋਮੀਟਰ ਤੱਕ ਪੈਦਲ ਤੁਰਨਗੇ ਤੇ ਨਾਲ-ਨਾਲ ਕੁਝ ਮੀਟਿੰਗਾਂ ਵੀ ਕਰਨਗੇ। ਉਹ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ, ਸਿਆਸਤਦਾਨਾਂ, ਖਿਡਾਰੀਆਂ, ਕਾਰੋਬਾਰੀ ਤੇ ਸਿਨੇਮਾ ਜਗਤ ਦੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਵੀ ਮਿਲਣਗੇ। ਤਿਲੰਗਾਨਾ ਵਿਚ ਉਹ ਕਈ ਪ੍ਰਾਰਥਨਾ ਹਾਲਾਂ, ਮਸਜਿਦਾਂ ਤੇ ਹਿੰਦੂ ਮੰਦਰਾਂ ਵਿਚ ਵੀ ਜਾਣਗੇ। ਸੂਬਾ ਕਾਂਗਰਸ ਨੇ ਯਾਤਰਾ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਉਣ ਲਈ ਦਸ ਕਮੇਟੀਆਂ ਦਾ ਗਠਨ ਕੀਤਾ ਹੈ। ਇਸੇ ਦੌਰਾਨ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਮੀਦ ਜਤਾਈ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਾਲ ਦੇਸ਼ ਦਾ ਵਾਤਾਵਰਨ ਬਦਲੇਗਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਮਹਿੰਗਾਈ, ਬੇਰੁਜ਼ਗਾਰੀ, ਨਫ਼ਰਤ ਤੇ ਹਿੰਸਾ ਖ਼ਿਲਾਫ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਕਈ ਸੂਬਿਆਂ ਵਿਚ ਸਰਕਾਰ ਦੀ ਆਲੋਚਨਾ ਕਰਨਾ ਵੀ ਅਪਰਾਧ ਬਣ ਗਿਆ ਹੈ। ਪਰ ਹੁਣ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੋਂ ਬਾਅਦ, ਭਾਜਪਾ ਤੇ ਇੱਥੋਂ ਤੱਕ ਕਿ ਆਰਐੱਸਐੱਸ ਦੇ ਬਿਆਨ ਵੀ ਬਦਲਣੇ ਸ਼ੁਰੂ ਹੋ ਗਏ ਹਨ। -ਪੀਟੀਆਈ