ਨਵੀਂ ਦਿੱਲੀ, 31 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਵੱਡੀ ਮੁਹਿੰਮ ਵਿੱਚ ਤਬਦੀਲ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2 ਤੋਂ 15 ਅਗਸਤ ਦਰਮਿਆਨ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ‘ਤਿਰੰਗਾ’ ਲਾਉਣ। ਦੋ ਅਗਸਤ ਨੂੰ ਤਿਰੰਗੇ ਦਾ ਡਿਜ਼ਾਈਨ ਤਿਆਰ ਕਰਨ ਵਾਲੇ ਪਿੰਗਾਲੀ ਵੈਂਕਈਆ ਦੀ ਜਨਮ ਵਰ੍ਹੇਗੰਢ ਹੁੰਦੀ ਹੈ। ਸ੍ਰੀ ਮੋਦੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਵੀ ਦਿੱਤੀ।
ਆਪਣੇ ‘ਮਨ ਕੀ ਬਾਤ’ ਰੇਡੀਓ ਪ੍ਰਸਾਰਣ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਆਜ਼ਾਦੀ ਕਾ ਅਮ੍ਰਿਤ ਮਹੋਸਤਵ’ ਤਹਿਤ 13 ਅਗਸਤ ਤੋਂ 15 ਅਗਸਤ ਦਰਮਿਆਨ ‘ਹਰ ਘਰ ਤਿਰੰਗਾ’ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਮੁਹਿੰਮ ਦੌਰਾਨ ਆਪਣੇ ਘਰਾਂ ’ਤੇ ਕੌਮੀ ਝੰਡਾ ਲਹਿਰਾਉਣ ਜਾਂ ਲਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਮਹੋਤਸਵ ਵੱਡੀ ਮੁਹਿੰਮ ਦੀ ਸ਼ਕਲ ਲੈ ਰਿਹਾ ਹੈ, ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕ ਅਤੇ ਸਮਾਜ ਦਾ ਹਰੇਕ ਵਰਗ ਦੇਸ਼ ਭਰ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰ ਰਿਹਾ ਹੈ। ਉਨ੍ਹਾਂ 15 ਅਗਸਤ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਜਦੋਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ ਤਾਂ ਅਸੀਂ ਸਾਰੇ ਉਸ ਇਤਿਹਾਸਕ ਤੇ ਗੌਰਵਮਈ ਪਲ ਦੇ ਗਵਾਹ ਬਣਾਂਗੇ।’’ ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਦੇ ਚੰਗੇ ਭਾਗ ਹਨ ਕਿ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਜੇਕਰ ਅਸੀਂ ਗ਼ੁਲਾਮੀ ਵਾਲੇ ਯੁੱਗ ਵਿਚ ਪੈਦਾ ਹੋਏ ਹੁੰਦੇ ਤਾਂ ਫਿਰ ਅਸੀਂ ਇਸ ਦਿਨ ਦੀ ਕਲਪਨਾ ਕਿਵੇਂ ਕਰਦੇ।’’ ਉਨ੍ਹਾਂ ਕਿਹਾ ਕਿ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਤਹਿਤ ਵਿਉਂਤੇ ਸਾਰੇ ਸਮਾਗਮ ਦੇਸ਼ ਵਾਸੀਆਂ ਨੂੰ ਆਪਣਾ ਫਰਜ਼ ਪੂਰੀ ਸਮਰਪਣ ਭਾਵਨਾ ਨਾਲ ਨਿਭਾਉਣ ਦਾ ਵੱਡਾ ਸੁਨੇਹਾ ਦਿੰਦੇ ਹਨ। ਉਨ੍ਹਾਂ ਖੇਡ ਪਿੜ ਵਿੱਚ ਮਾਰੀਆਂ ਮੱਲਾਂ ਲਈ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਤੇ ਅਥਲੀਟ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ ਤੇ ਭਾਰਤ ਵੱਲੋਂ ਅਗਲੇ ਦਿਨਾਂ ਵਿੱਚ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੇ ਜਾਣ ’ਤੇ ਖ਼ੁਸ਼ੀ ਜਤਾਈ। -ਪੀਟੀਆਈ
ਲੋਕਾਂ ਨੂੰ ਨੇੜਲੇ ਇਤਿਹਾਸਕ ਰੇਲਵੇ ਸਟੇਸ਼ਨਾਂ ਦਾ ਦੌਰਾ ਕਰਨ ਦੀ ਅਪੀਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਈ ਅਜਿਹੇ ਰੇਲਵੇ ਸਟੇਸ਼ਨ ਹਨ, ਜੋ ਇਤਿਹਾਸ ਦੀ ਗਵਾਹੀ ਭਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਵਿੱਚ ਪੈਂਦੇ ਅਜਿਹੇ ਰੇਲਵੇ ਸਟੇਸ਼ਨਾਂ ਦਾ ਦੌਰਾ ਕਰਕੇ ਆਜ਼ਾਦੀ ਦੇ ਸੰਘਰਸ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਨ। ਰੇਲਵੇ ਨੇ 18 ਤੋਂ 23 ਜੁਲਾਈ ਤੱਕ ਮਨਾਏ ‘ਆਜ਼ਾਦੀ ਕੀ ਰੇਲ ਗਾਡੀ’ ਤਹਿਤ 24 ਰਾਜਾਂ ਵਿੱਚ ਪੈਂਦੇ 75 ਰੇਲਵੇ ਸਟੇਸ਼ਨਾਂ ਤੇ 27 ਰੇਲਗੱਡੀਆਂ ਜ਼ਰੀਏ ਭਾਰਤ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ