ਜੰਮੂ, 20 ਜੂਨ
ਕਾਂਗਰਸ, ਆਮ ਆਦਮੀ ਪਾਰਟੀ ਅਤੇ ਕੁੱਝ ਹੋਰ ਜਥੇਬੰਦੀਆਂ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਸਬੰਧੀ ਸਕੀਮ ‘ਅਗਨੀਪਥ’ ਖ਼ਿਲਾਫ਼ ਅੱਜ ਇੱਥੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਪੁਲੀਸ ਨੇ ਮੁੱਖ ਮਾਰਗ ਜਾਮ ਕਰਨ ’ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ‘ਭਾਰਤ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਪੁਲੀਸ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਸਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਸੀ। ਇਸੇ ਦੌਰਾਨ ਕਾਂਗਰਸੀ ਆਗੂ ਉਦੈ ਚਬਿ ਦੀ ਅਗਵਾਈ ਹੇਠ ਸੈਂਕੜੇ ਯੂਥ ਕਾਰਕੁਨਾਂ ਨੇ ਸ਼ਹਿਰ ਵਿੱਚ ਇਕੱਠੇ ਹੋ ਕੇ ‘ਅਗਨੀਪਥ’ ਖ਼ਿਲਾਫ਼ ਰੋਸ ਰੈਲੀ ਕੱਢੀ, ਜਿਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਬਾਅਦ ਵਿੱਚ ਪੁਲੀਸ ਨੇ ਚਬਿ ਸਣੇ ਦਰਜਨ ਤੋਂ ਵੱਧ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। -ਪੀਟੀਆਈ