ਨਵੀਂ ਦਿੱਲੀ, 19 ਜੂਨ
ਸੈਨਾ ’ਚ ਭਰਤੀ ਲਈ ਪੇਸ਼ ਕੀਤੀ ਗਈ ‘ਅਗਨੀਪਥ’ ਯੋਜਨਾ ਖ਼ਿਲਾਫ਼ ਬਿਹਾਰ ’ਚ ਹੋ ਰਹੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ ਦਰਮਿਆਨ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਨੌਜਵਾਨਾਂ ਦੇ ਮਨ ਅੰਦਰ ਕਈ ਖਦਸ਼ੇ ਹਨ ਤੇ ਇਸ ਯੋਜਨਾ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਕੀ ਇਹ ਪੜ੍ਹੇ-ਲਿਖੇ ਨੌਜਵਾਨਾਂ ਲਈ ਮਨਰੇਗਾ ਜਿਹੀ ਕੋਈ ਯੋਜਨਾ ਹੈ ਜਾਂ ਫਿਰ ਇਸ ’ਚ ਆਰਐੱਸਐੱਸ ਦਾ ਕੋਈ ਲੁਕਿਆ ਏਜੰਡਾ ਹੈ। ਉਨ੍ਹਾਂ ਕਿਹਾ, ‘ਦੇਸ਼ ਭਰ ’ਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਫੌਜ ’ਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ’ਚ ਰੋਸ ਹੈ।’ ਯਾਦਵ ਨੇ ਨੌਜਵਾਨਾਂ ਨੂੰ ਇਸ ਯੋਜਨਾ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਇਸ ਹਿੰਸਾ ਤੇ ਭੜਕਾਹਟ ਪਿੱਛੇ ਰਾਸ਼ਟਰੀ ਜਨਤਾ ਦਲ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਸ ਮੁਜ਼ਾਹਰਿਆਂ ਦਾ ਕਾਰਨ ਕੇਂਦਰ ਸਰਕਾਰ ਹੈ ਤੇ ਹੁਣ ਉਹ ਇਸ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਰੇ ਮੁੱਦੇ ’ਤੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਗੱਲ ਕਰਦੀ ਹੈ ਪਰ ਅਜਿਹੀ ਯੋਜਨਾ ਲਿਆਈ ਹੈ ਜਿਸ ’ਚ ਨਾ ਰੈਂਕ ਹੈ ਤੇ ਨਾ ਪੈਨਸ਼ਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਤਰ੍ਹਾਂ ਕੇਂਦਰ ਸਰਕਾਰ ਦੇ ਬਹੁਤੇ ਕਾਨੂੰਨਾਂ ਨੂੰ ਲੋਕਾਂ ਨੇ ਸ਼ੁਰੂਆਤ ’ਚ ਹੀ ਰੱਦ ਕੀਤਾ ਹੈ।
ਭਾਜਪਾ ਤੇ ਜਨਤਾ ਦਲ (ਯੂ) ਵਿਚਾਲੇ ਚੱਲ ਰਹੀ ਦੂਸ਼ਣਬਾਜ਼ੀ ਬਾਰੇ ਸ੍ਰੀ ਯਾਦਵ ਨੇ ਕਿਹਾ ਕਿ ਇੱਥੇ ਡਬਲ ਇੰਜਣ ਦੀ ਸਰਕਾਰ ਹੈ ਅਤੇ ਜਨਤਾ ਦਲ (ਯੂ) ਦੀ ਆਲੋਚਨਾ ਆਪਣੀ ਸਰਕਾਰ ’ਤੇ ਹਮਲਾ ਕਰਨ ਬਰਾਬਰ ਹੈ।
ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸਰਕਾਰ ਨੂੰ 20 ਸਵਾਲ ਪੁੱਛੇ ਅਤੇ ਕਿਹਾ ਕਿ ਲੋਕਾਂ ਦੇ ਮਨਾਂ ’ਚ ਕਈ ਖਦਸ਼ੇ ਹਨ ਜੋ ਸਰਕਾਰ ਨੂੰ ਦੂਰ ਕਰਨੇ ਚਾਹੀਦੇ ਹਨ। ਉਨ੍ਹਾਂ ਪੁੱਛਿਆ ਕਿ ਅਗਨੀਪਥ ਯੋਜਨਾ ਸੈਨਾ ’ਚ ਭਰਤੀ ਹੋਣ ਵਾਲੇ ਅਧਿਕਾਰੀਆਂ ਲਈ ਕਿਉਂ ਨਹੀਂ ਹੈ। ਉਨ੍ਹਾਂ ਕਿਹਾ, ‘ਦੇਸ਼ ਦੇ ਕਈ ਹਿੱਸਿਆਂ ’ਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਜੋ ਫੌਜੀ ਬਣਨਾ ਚਾਹੁੰਦੇ ਹਨ, ਉਹ ਗੁੱਸੇ ਵਿੱਚ ਹਨ।’
ਉਨ੍ਹਾਂ ਇਹ ਯੋਜਨਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ’ਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੀ। -ਪੀਟੀਆਈ
ਬਿਹਾਰ: ਅਗਨੀਪਥ ਮੁਜ਼ਾਹਰਿਆਂ ਕਾਰਨ ਸੱਤਾਧਾਰੀ ਭਾਜਪਾ ਅਤੇ ਜੇਡੀ (ਯੂ) ਮਿਹਣੋ-ਮਿਹਣੀ
ਪਟਨਾ: ਕੇਂਦਰ ਦੀ ਅਗਨੀਪਥ ਸਕੀਮ ਦੇ ਵਿਰੋਧ ’ਚ ਸ਼ੁਰੂ ਹੋਏ ਮੁਜ਼ਾਹਰਿਆਂ ਨੇ ਸੱਤਾ ’ਚ ਭਾਈਵਾਲ ਪਾਰਟੀਆਂ- ਭਾਜਪਾ ਤੇ ਜੇਡੀ (ਯੂ) ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਛੇੜ ਦਿੱਤੀ ਹੈ, ਜਿਸ ਦੌਰਾਨ ਭਾਜਪਾ ਵੱਲੋਂ ਨਿਤੀਸ਼ ਕੁਮਾਰ ਸਰਕਾਰ ਨੂੰ ਭਗਵਾਂ ਪਾਰਟੀ ਦੇ ਆਗੂਆਂ ਦੀਆਂ ਰਿਹਾਇਸ਼ਾਂ ’ਤੇ ਹਮਲੇ ਰੋਕਣ ’ਚ ਅਯੋਗ ਦੱਸਿਆ ਜਾ ਰਿਹਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਹਾਰ ਭਾਜਪਾ ਦੇ ਮੁਖੀ ਸੰਜੈ ਜੈਸਵਾਲ ਨੇ ਸੂਬਾ ਸਰਕਾਰ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਕਿ ਇਸ ਵੱਲੋਂ ਸੂਬੇ ਵਿੱਚ ਹਿੰਸਕ ਮੁਜ਼ਾਹਰੇ ਰੋਕਣ ਦੇ ਯਤਨ ਉਚਿਤ ਨਹੀਂ ਹਨ। ਸ੍ਰੀ ਜੈਸਵਾਲ ਦੇ ਘਰ ਨੂੰ ਅਗਨੀਪਥ ਮੁਜ਼ਾਹਰਾਕਾਰੀਆਂ ਵੱਲੋਂ ਅੱਗ ਲਾ ਦਿੱਤੀ ਗਈ ਸੀ। ਉਨ੍ਹਾਂ ਭਾਜਪਾ ਆਗੂਆਂ ’ਤੇ ਮਿੱਥ ਕੇ ਕੀਤੇ ਜਾ ਰਹੇ ਹਮਲਿਆਂ ਲਈ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਜੇਡੀ (ਯੂ) ਦੇ ਕੌਮੀ ਮੁਖੀ ਰਾਜੀਵ ਰੰਜਨ ਉਰਫ਼ ਲੱਲਣ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਫ਼ੈਸਲਾ ਲਿਆ, ਜਿਸ ਖ਼ਿਲਾਫ਼ ਦੂਜੇ ਸੂਬਿਆਂ ਵਿੱਚ ਵੀ ਮੁਜ਼ਾਹਰੇ ਹੋ ਰਹੇ ਹਨ। ਭਾਜਪਾ ਨੂੰ ਇਨ੍ਹਾਂ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਉਲਟ ਭਾਜਪਾ, ਪ੍ਰਸ਼ਾਸਨ ’ਤੇ ਦੋਸ਼ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਜੈਸਵਾਲ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ’ਚ ਅਸਫ਼ਲ ਰਹਿਣ ਬਾਰੇ ਕੁਝ ਕਿਉਂ ਨਹੀਂ ਬੋਲ ਰਹੇ। -ਪੀਟੀਆਈ