ਨਵੀਂ ਦਿੱਲੀ, 22 ਅਗਸਤ
ਅਫ਼ਗ਼ਾਨਿਸਤਾਨ ਦੀਆਂ ਦੁੱਖ ਤਕਲੀਫਾਂ ਨੂੰ ਮਨੁੱਖ ਵੱਲੋਂ ਖੁ਼ਦ ਸਹੇੜਿਆ ਸੰਕਟ ਕਰਾਰ ਦਿੰਦਿਆਂ ਮੁਲਕ ਦੇ ਭਾਰਤ ਵਿਚਲੇ ਰਾਜਦੂਤ ਫਰੀਦ ਮਾਮੁੰਦਜ਼ੇਅ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਇਸ ਵੇਲੇ ਮੁਸ਼ਕਲ ਦੌਰ ’ਚੋਂ ਲੰਘ ਰਿਹੈ ਅਤੇ ਯੋਗ ਅਗਵਾਈ, ਦਿਆਲੂ ਰਵੱਈਆ ਤੇ ਅਫ਼ਗ਼ਾਨ ਲੋਕਾਂ ਨੂੰ ਕੌਮਾਂਤਰੀ ਹਮਾਇਤ ਨਾਲ ਹੀ ਇਸ ‘ਸੰਤਾਪ’ ਦਾ ਅੰਤ ਕੀਤਾ ਜਾ ਸਕਦਾ ਹੈ। ਅਫ਼ਗ਼ਾਨ ਰਾਜਦੂਤ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਨਵੀਂ ਦਿੱਲੀ ਸਥਿਤ ਸਫ਼ਾਰਤੀ ਮਿਸ਼ਨਾਂ ਅਤੇ ਸਾਰੇ ‘ਭਾਰਤੀ ਦੋਸਤਾਂ’ ਵੱਲੋਂ ਮਿਲੇ ਹਮਾਇਤ ਦੇ ਸੁਨੇਹਿਆਂ ਤੇ ਹਮਦਰਦੀ ਵਾਲੇ ਬੋਲਾਂ ਦੀ ਸ਼ਲਾਘਾ ਕੀਤੀ ਹੈ। ਮਾਮੁੰਦਜ਼ੇਅ ਨੇ ਇਕ ਟਵੀਟ ’ਚ ਕਿਹਾ, ‘‘ਅਫ਼ਗ਼ਾਨਿਸਤਾਨ ਨੂੰ ਦਰਪੇਸ਼ ਸੰਕਟ/ਦੁਖ ਤਕਲੀਫਾਂ ਖ਼ੁਦ ਮਨੁੱਖ ਦੀਆਂ ਸਹੇੜੀਆਂ ਹੋਈਆਂ ਹਨ, ਜਿਸ ਨੂੰ ਟਾਲਿਆ ਜਾ ਸਕਦਾ ਸੀ।’’ -ਪੀਟੀਆਈ