ਬੰਗਲੁਰੂ, 5 ਫਰਵਰੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ‘ਏਅਰੋ ਇੰਡੀਆ 2021’ ਰੱਖਿਆ ਤੇ ‘ਏਅਰੋਸਪੇਸ’ ਖੇਤਰ ਵਿਚ ਭਾਰਤ ਦੀ ਲਗਾਤਾਰ ਵੱਧ ਰਹੀ ਤਾਕਤ ਦਾ ਜਿਊਂਦਾ ਜਾਗਦਾ ਸਬੂਤ ਹੈ। ਤਿੰਨ ਦਿਨ ਚੱਲੇ ‘ਏਅਰੋ ਇੰਡੀਆ’ ਸ਼ੋਅ ਦੇ ਆਖ਼ਰੀ ਦਿਨ ਅੱਜ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮਾਗਮ ਰੱਖਿਆ ਖੇਤਰ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ। ਇਹ ਭਾਰਤ ਨੂੰ ਰੱਖਿਆ ਨਿਰਮਾਣ ਵਿਚ ਵੀ ਮੋਹਰੀ ਬਣਾਏਗਾ। ਉਨ੍ਹਾਂ ਕਿਹਾ ਕਿ ‘ਏਅਰੋ ਇੰਡੀਆ’ ਦੌਰਾਨ ਸਾਬਿਤ ਹੋਇਆ ਹੈ ਕਿ ਭਾਰਤ ਦੀ ਸਮਰੱਥਾ ਵਿਚ ਦੁਨੀਆ ਦਾ ਯਕੀਨ ਹੁਣ ਵੱਧ ਰਿਹਾ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮਹਾਮਾਰੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ‘ਏਅਰੋ ਇੰਡੀਆ 2021’ ਸਫ਼ਲਤਾ ਨਾਲ ਕਰਵਾਇਆ ਗਿਆ ਹੈ। ਏਅਰ ਫੋਰਸ ਸਟੇਸ਼ਨ ਯੇਲਾਹੰਕਾ ’ਚ ਸੰਬੋਧਨ ਕਰਦਿਆਂ ਕੋਵਿੰਦ ਨੇ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਪਾਇਲਟਾਂ ਦੀ ਪੇਸ਼ੇਵਰ ਪਹੁੰਚ ਮਿਸਾਲੀ ਹੈ ਤੇ ਉਹ ਦੇਸ਼ ਦੇ ਆਸਮਾਨ ਦੀ ਰਾਖੀ ਕਰ ਕੇ ਮੁਲਕ ਦੇ ਰੱਖਿਆ ਢਾਂਚੇ ਨੂੰ ਮਜ਼ਬੂਤ ਕਰਦੇ ਹਨ। ਜ਼ਿਕਰਯੋਗ ਹੈ ਕਿ ‘ਏਅਰੋ ਇੰਡੀਆ’ ਵਿਚ 43 ਮੁਲਕਾਂ ਦੇ ਵਫ਼ਦਾਂ ਤੇ 530 ਕੰਪਨੀਆਂ ਨੇ ਹਿੱਸਾ ਲਿਆ। -ਪੀਟੀਆਈ