ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇੱਕ ਆਡੀਓ ਕਲਿੱਪ ਸੁਣਾਈ ਜਿਸ ਵਿੱਚ ਕਥਿਤ ਤੌਰ ’ਤੇ ਕੌਮੀ ਰਾਜਧਾਨੀ ਵਿੱਚ ‘ਆਪ’ ਦੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੀ ਕੋਸ਼ਿਸ਼ ਬਾਰੇ ਚਰਚਾ ਕੀਤੀ ਜਾ ਰਹੀ ਹੈ। ਸ੍ਰੀ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਕਲਿੱਪ ਵਿੱਚ ਟੀਆਰਐੱਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦੀ ਗੱਲ ਕੀਤੀ ਗਈ ਹੈ ਤੇ ‘ਆਪ’ ਕੋਲ ਇਸ ਦੇ ਸਬੂਤ ਹਨ। ਸਿਸੋਦੀਆ ਨੇ ਮਾਮਲੇ ਦੀ ਜਾਂਚ ਐਨਫੋਰਸਮੈਂਟ ਡਾਇਰੈਕਟਰ (ਈਡੀ) ਤੋਂ ਕਰਵਾਉਣ ਦੀ ਮੰਗ ਵੀ ਕੀਤੀ। ਭਾਜਪਾ ਤੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੌਰਾਨ ਸ੍ਰੀ ਸਿਸੋਦੀਆ ਨੇ ਆਡੀਓ ਕਲਿੱਪ ਚਲਾਈ ਤੇ ਕਿਹਾ ਕਿ ਇਸ ਕਲਿੱਪ ਵਿੱਚ ਜਿਸ ਵਿਅਕਤੀ ਦੀ ਆਵਾਜ਼ ਸੁਣੀ ਜਾ ਰਹੀ ਹੈ ਉਹ ਭਾਜਪਾ ਨਾਲ ਜੁੜਿਆ ਕਥਿਤ ਦਲਾਲ ਹੈ ਜਿਸ ਨੂੰ ਤਿਲੰਗਾਨਾ ਵਿੱਚ ਸਰਕਾਰ ਚਲਾ ਰਹੀ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਥਿਤ ਦਲਾਲ ਉਨ੍ਹਾਂ ਤਿੰਨ ਲੋਕਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ ਜੋ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਾਇਆ, ‘ਅੱਜ ਅਪਰੇਸ਼ਨ ਲੋਟਸ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ ਹੈ ਜਿਸ ਨੂੰ ਭਾਜਪਾ ਅੰਜਾਮ ਦੇ ਰਹੀ ਹੈ। ਉਹ ਵਿਧਾਇਕ ਖਰੀਦਦੇ ਹਨ ਤੇ ਚੁਣੀਆਂ ਹੋਈਆਂ ਸਰਕਾਰਾਂ ਡੇਗਦੇ ਹਨ। ਅਜਿਹੇ ਲਿੰਕ ਦਿੱਲੀ ਤੇ ਤਿਲੰਗਾਨਾ ’ਚ ਸਾਹਮਣੇ ਆਏ ਹਨ। ‘ਆਪ’ ਕੋਲ ਇਸ ਦਾ ਸਬੂਤ ਹੈ।’ਉਨ੍ਹਾਂ ਦਾਅਵਾ ਕੀਤਾ ਕਿ ਇਸ ਆਡੀਓ ਕਲਿੱਪ ਵਿੱਚ ਭਾਜਪਾ ਦਾ ਕਥਿਤ ਦਲਾਲ ਟੀਆਰਐੱਸ ਦੇ ਇੱਕ ਵਿਧਾਇਕ ਨੂੰ ਭਾਜਪਾ ਵੱਲ ਲਿਆਉਣ ਬਾਰੇ ਗੱਲ ਕਰਦਾ ਸੁਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਵਿੱਚ ਦਿੱਲੀ ਦੇ 43 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦਾ ਵੀ ਜ਼ਿਕਰ ਹੈ ਤੇ ਇਸ ਮਕਸਦ ਲਈ ਵੱਖਰਾ ਪੈਸਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ, ‘ਉਹ ਇਹ ਵੀ ਕਹਿੰਦਾ ਹੈ ਕਿ ਸ਼ਾਹ ਤੇ ਬੀਐੱਲ ਸੰਤੋਸ਼ ਨਾਲ ਗੱਲ ਕੀਤੀ ਹੈ।’
ਸ੍ਰੀ ਸਿਸੋਦੀਆ ਨੇ ਮੰਗ ਕੀਤੀ ਕਿ ਕਲਿੱਪ ਵਿੱਚ ਕਥਿਤ ਦਲਾਲ ਵੱਲੋਂ ਜਿਸ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ ਜੇਕਰ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਤਾਂ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੁੱਛ-ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਆਡੀਓ ਕਲਿੱਪ ਭਾਜਪਾ ਵੱਲੋਂ ਦਿੱਲੀ ਤੇ ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੀ ਨਾਕਾਮ ਕੋਸ਼ਿਸ਼ ਦਾ ਸਬੂਤ ਹੈ ਤੇ ਇਸ ਦੀ ਜਾਂਚ ਈਡੀ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਅਜਿਹੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਤਾਂ ਇਹ ਦੇਸ਼ ਲਈ ਘਾਤਕ ਹੈ।