ਕਾਨਪੁਰ, 16 ਜੂਨ
ਸਾਲ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਸਿੱਖਾਂ ਦੀ ਸਮੂਹਿਕ ਹੱਤਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਇੱਥੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਡੀਆਈਜੀ ਬਾਲੇਂਦੂ ਭੂਸ਼ਨ ਸਿੰਘ ਦੀ ਪ੍ਰਧਾਨਗੀ ਵਾਲੀ ਐੱਸਆਈਟੀ ਨੇ ਬੁੱਧਵਾਰ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਡੀਆਈਜੀ ਬਾਲੇਂਦੂ ਭੂਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੇ ਹੋਰ ਸ਼ੱਕੀਆਂ ਨੂੰ ਫੜਨ ਲਈ ਯਤਨ ਜਾਰੀ ਹਨ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸੈਫਉੱਲਾ, ਯੋਗੇਂਦਰ ਸਿੰਘ, ਵਿਜੈ ਨਰਾਇਣ ਸਿੰਘ ਅਤੇ ਅਬਦੁਲ ਰਹਿਮਾਨ ਵਜੋਂ ਹੋਈ ਹੈ। ਇਹ ਸਾਰੇ ਘਾਟਮਪੁਰ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਉਥੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ 1984 ਵਿੱਚ ਦਰਜਨਾਂ ਹੋਰ ਲੋਕਾਂ ਨਾਲ ਗੁਰਦਿਆਲ ਸਿੰਘ ਦੇ ਘਰ ਨੂੰ ਅੱਗ ਲਾਉਣ ਲਈ ਨਿਰਾਲਾ ਨਗਰ ਗਏ ਸਨ। ਉਨ੍ਹਾਂ ਦੇ ਘਰ ਵਿੱਚ 12 ਪਰਿਵਾਰ ਕਿਰਾਏ ’ਤੇ ਰਹਿੰਦੇ ਸਨ। ਹਮਲੇ ਦੌਰਾਨ ਤਿੰਨ ਜਣਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। -ਪੀਟੀਆਈ